ਦਾਮੋਹ: ਮੱਧ ਪ੍ਰਦੇਸ਼ ਪੁਲੀਸ ਨੇ ਦਾਮੋਹ ਜ਼ਿਲ੍ਹੇ ਵਿੱਚ ਇੱਕ ਜੈਨ ਮੰਦਰ ਬਾਰੇ ਸੋਸ਼ਲ ਮੀਡੀਆ ’ਤੇ ਕਥਿਤ ਭੜਕਾਊ ਪੋਸਟ ਮਗਰੋਂ ਕਾਂਗਰਸ ਦੇ ਸੀਨੀਅਰ ਨੇਤਾ ਦਿਗਵਿਜੈ ਸਿੰਘ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਹਾਲਾਂਕਿ, ਦਿਗਵਿਜੈ ਸਿੰਘ ਨੇ ਬਾਅਦ ਵਿੱਚ ਇਹ ਪੋਸਟ ਹਟਾ ਦਿੱਤੀ ਸੀ। ਪੁਲੀਸ ਕੇਸ ਤਹਿਤ ਭਾਜਪਾ ਦੇ ਸੂਬਾਈ ਪ੍ਰਧਾਨ ਵੀ.ਡੀ. ਸ਼ਰਮਾ ਨੇ ਲੋਕਾਂ ਨੂੰ ਗੁਮਰਾਹ ਕਰਨ ਦੇ ਦੋਸ਼ ਹੇਠ ਕਾਂਗਰਸ ਨੇਤਾ ਦਾ ਟਵਿੱਟਰ ਖ਼ਾਤਾ ਮੁਅੱਤਲ ਕਰਨ ਦੀ ਮੰਗ ਕੀਤੀ ਹੈ। ਰਾਜ ਸਭਾ ਮੈਂਬਰ ਦਿਗਵਿਜੈ ਸਿੰਘ ਨੇ 27 ਅਗਸਤ ਨੂੰ ਆਪਣੇ ਅਧਿਕਾਰਤ ਐਕਸ ਅਕਾਊਂਟ (ਪਹਿਲਾਂ ਟਵਿੱਟਰ) ’ਤੇ ਇੱਕ ਪੋਸਟ ਵਿੱਚ ਦਾਅਵਾ ਕੀਤਾ ਸੀ ਕਿ ‘ਬਜਰੰਗ ਦਲ ਦੇ ਕੁੱਝ ਕਥਿਤ ਸ਼ਰਾਰਤੀ ਅਨਸਰਾਂ’ ਨੇ 26 ਅਗਸਤ ਦੀ ਰਾਤ ਕੁੰਡਲਪੁਰ (ਦਾਮੋਹ ਵਿੱਚ) ਜੈਨ ਮੰਦਰ ਕੰਪਲੈਕਸ ਦੀ ਭੰਨ-ਤੋੜ ਕੀਤੀ ਅਤੇ ਉੱਥੇ ਇੱਕ ‘ਸ਼ਿਵ ਪਿੰਡੀ’ ਰੱਖੀ। ਦਿਗਵਿਜੈ ਸਿੰਘ ਨੇ ਇਸ ਪੋਸਟ ਨੂੰ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਅਤੇ ਡੀਜੀਪੀ ਨੂੰ ਟੈਗ ਕੀਤਾ। ਹਾਲਾਂਕਿ ਬਾਅਦ ਵਿੱਚ ਉਨ੍ਹਾਂ ਪੋਸਟ ਹਟਾ ਦਿੱਤੀ। ਦਾਮੋਹ ਦੇ ਐੱਸਪੀ ਸੁਨੀਲ ਤਿਵਾੜੀ ਨੇ ਕਿਹਾ ਕਿ ਇੱਕ ਸ਼ਿਕਾਇਤ ਮਗਰੋਂ ਕੋਤਵਾਲੀ ਪੁਲੀਸ ਨੇ ਦਿਗਵਿਜੈ ਸਿੰਘ ਖ਼ਿਲਾਫ਼ ਕੁੰਡਲਪੁਰ ਜੈਨ ਮੰਦਰ ਸਬੰਧੀ ਪੋਸਟ ਲਈ ਵੱਖ ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ। ਉਨ੍ਹਾਂ ਕਿਹਾ ਕਿ ਜਾਂਚ ਮਗਰੋਂ ਘਟਨਾ ‘ਤੱਥਾਂ ਤੋਂ ਬਿਨਾਂ ਅਤੇ ਗੁਮਰਾਹਕੁੰਨ’ ਪਾਈ ਗਈ।