ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਸੰਸਦ ਮੈਂਬਰ ਕੰਗਨਾ ਰਣੌਤ ‘ਤੇ ਕਾਂਗਰਸ ਨੇਤਾ ਕੇਐਸ ਅਲਾਗਿਰੀ ਦੇ ਦਿੱਤੇ ਬਿਆਨ ਨੂੰ ਲੈ ਕੇ ਤਾਮਿਲਨਾਡੂ ਵਿੱਚ ਵਿਵਾਦ ਖੜ੍ਹਾ ਹੋ ਗਿਆ ਹੈ। ਦਰਅਸਲ, ਕਾਂਗਰਸੀ ਨੇਤਾ ਨੇ ਸੂਬੇ ਦੇ ਕਿਸਾਨਾਂ ਨੂੰ ਕਿਹਾ ਹੈ ਕਿ ਜੇਕਰ ਕੰਗਨਾ ਤਾਮਿਲਨਾਡੂ ਆਉਂਦੀ ਹੈ ਤਾਂ ਉਸ ਨੂੰ ਉਸੇ ਤਰ੍ਹਾਂ ਥੱਪੜ ਮਾਰਨ ਜਿਵੇਂ ਪਿਛਲੇ ਸਾਲ ਚੰਡੀਗੜ੍ਹ ਹਵਾਈ ਅੱਡੇ ‘ਤੇ ਇੱਕ CISF ਮਹਿਲਾ ਅਧਿਕਾਰੀ ਨੇ ਅਦਾਕਾਰਾ ਨੂੰ ਥੱਪੜ ਮਾਰਿਆ ਸੀ।
ਅਲਾਗਿਰੀ ਦਾ ਕਹਿਣਾ ਹੈ ਕਿ ਕੰਗਨਾ ਜਿੱਥੇ ਵੀ ਜਾਂਦੀ ਹੈ, ਉਹ ਸਾਰਿਆਂ ਦਾ ‘ਅਪਮਾਨ’ ਕਰਦੀ ਹੈ। ਨਿਊਜ਼ ਏਜੰਸੀ ਏਐਨਆਈ ਨਾਲ ਗੱਲ ਕਰਦੇ ਹੋਏ, ਅਲਾਗਿਰੀ ਨੇ ਕਿਹਾ, ‘ਕੁਝ ਮਹੀਨੇ ਪਹਿਲਾਂ, ਜਦੋਂ ਕੰਗਨਾ ਰਣੌਤ ਹਵਾਈ ਅੱਡੇ ਗਈ ਸੀ, ਤਾਂ ਇੱਕ ਮਹਿਲਾ ਪੁਲਿਸ ਅਧਿਕਾਰੀ ਨੇ ਉਸਨੂੰ ਥੱਪੜ ਮਾਰਿਆ ਸੀ।’
ਕੰਗਨਾ ਜਿੱਥੇ ਵੀ ਜਾਂਦੀ ਹੈ, ਸਾਰਿਆਂ ਨਾਲ ਦੁਰਵਿਵਹਾਰ ਕਰਦੀ ਹੈ… ਮੈਂ ਕਿਸਾਨਾਂ ਨੂੰ ਕਿਹਾ ਕਿ ਜੇ ਉਹ ਸਾਡੇ ਇਲਾਕੇ ਵਿੱਚ ਆਉਂਦੀ ਹੈ, ਤਾਂ ਵੀ ਉਹੀ ਕਰਨ ਜੋ ਪੁਲਿਸ ਅਫ਼ਸਰ ਨੇ ਹਵਾਈ ਅੱਡੇ ‘ਤੇ ਕੀਤਾ ਸੀ। ਤਦ ਹੀ ਕੰਗਨਾ ਆਪਣੀ ਗਲਤੀ ਸੁਧਾਰੇਗੀ।

ਉਸ ਨੇ ਇਹ ਵੀ ਕਿਹਾ ਕਿ ਇੱਕ ਦਿਨ ਪਹਿਲਾਂ ਉਹ ਕੁਝ ਮਹਿਲਾ ਕਿਸਾਨਾਂ ਨੂੰ ਮਿਲਿਆ, ਜਿਨ੍ਹਾਂ ਨੇ ਉਸ ਨੂੰ ਦੱਸਿਆ ਕਿ ਇੱਕ ਪ੍ਰੈਸ ਕਾਨਫਰੰਸ ਦੌਰਾਨ, ਕੰਗਨਾ ਨੇ ਔਰਤਾਂ, ਖਾਸ ਕਰਕੇ ਖੇਤਾਂ ਵਿੱਚ ਕੰਮ ਕਰਨ ਵਾਲੀਆਂ ਔਰਤਾਂ ਦੀ ‘ਆਲੋਚਨਾ’ ਕੀਤੀ ਸੀ ਅਤੇ ਕਿਹਾ ਸੀ ਕਿ ਉਹ 100 ਰੁਪਏ ਵਿੱਚ ਕਿਤੇ ਵੀ ਆ ਸਕਦੀਆਂ ਹਨ। ਕਾਂਗਰਸ ਨੇਤਾ ਨੇ ਪੁੱਛਿਆ ਕਿ ਇਹ ਔਰਤ, ਜੋ ਕਿ ਸੰਸਦ ਮੈਂਬਰ ਹੈ, ਉਹ ਕਿਸਾਨ ਔਰਤਾਂ ਦੀ ਆਲੋਚਨਾ ਕਿਉਂ ਕਰ ਰਹੀ ਹੈ?

ਕੰਗਨਾ ਰਣੌਤ ਨੇ ਕਾਂਗਰਸ ਨੇਤਾ ਨੂੰ ਦਿੱਤਾ ਜਵਾਬ
ਕਾਂਗਰਸੀ ਨੇਤਾ ਦੇ ਬਿਆਨ ‘ਤੇ ਪ੍ਰਤੀਕਿਰਿਆ ਦਿੰਦੇ ਹੋਏ, ਮੰਡੀ ਤੋਂ ਭਾਜਪਾ ਸੰਸਦ ਮੈਂਬਰ ਨੇ ਕਿਹਾ, “ਸਾਡੇ ਭਾਰਤ ਵਿੱਚ, ਅਸੀਂ ਕਿਤੇ ਵੀ ਜਾ ਸਕਦੇ ਹਾਂ ਸਾਨੂੰ ਕੋਈ ਰੋਕ ਨਹੀਂ ਸਕਦਾ ਅਤੇ ਜਿਵੇਂ ਕਿ ਕਹਾਵਤ ਹੈ, ਜੇਕਰ ਕੁਝ ਲੋਕ ਨਫ਼ਰਤ ਕਰਦੇ ਹਨ, ਤਾਂ ਬਹੁਤ ਸਾਰੇ ਲੋਕ ਪਿਆਰ ਕਰਦੇ ਹਨ।”