ਓਟਵਾ, 23 ਸਤੰਬਰ : ਕੋਵਿਡ-19 ਮਹਾਂਮਾਰੀ ਬਾਰੇ ਤਾਜ਼ਾ ਫੈਡਰਲ ਮਾਡਲਿੰਗ ਵਿੱਚ ਸਾਹਮਣੇ ਆਇਆ ਹੈ ਕਿ ਜਲਦ ਹੀ ਕੈਨੇਡਾ ਦੀ ਮਹਾਂਮਾਰੀ ਦਾ ਦਾਇਰਾ ਫੈਲਣ ਵਾਲਾ ਹੈ| ਇੱਕ ਕਿਆਫੇ ਅਨੁਸਾਰ ਜੇ ਕੈਨੇਡੀਅਨਾਂ ਨੇ ਮਹਾਂਮਾਰੀ ਦੇ ਸ਼ੁਰੂਆਤੀ ਮਹੀਨਿਆਂ ਵਾਂਗ ਸਿਹਤ ਸਬੰਧੀ ਅਹਿਤਿਆਤ ਤੋਂ ਕੰਮ ਨਾ ਲਿਆ ਤਾਂ 2 ਅਕਤੂਬਰ ਤੱਕ ਕੈਨੇਡਾ ਵਿੱਚ ਕੋਵਿਡ-19 ਦੇ 155,795 ਮਾਮਲੇ ਹੋਣਗੇ ਤੇ 9300 ਲੋਕਾਂ ਦੀ ਇਸ ਕਾਰਨ ਮੌਤ ਹੋ ਜਾਵੇਗੀ|
ਫੈਡਰਲ ਹੈਲਥ ਅਧਿਕਾਰੀਆਂ ਵੱਲੋਂ ਜਾਰੀ ਕੀਤੀ ਗਈ ਅਪਡੇਟ ਅਨੁਸਾਰ ਕਈ ਪ੍ਰੋਵਿੰਸਾਂ ਵਿੱਚ ਵਾਇਰਸ ਦੇ ਮਾਮਲਿਆਂ ਵਿੱਚ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ| ਇਸ ਨਾਲ ਕੈਨੇਡਾ ਵਿੱਚ ਸੈਕਿੰਡ ਵੇਵ ਆਉਣ ਦੀ ਸੰਭਾਵਨਾ ਬਹੁਤ ਜ਼ਿਆਦਾ ਵਧ ਗਈ ਹੈ| ਕੈਨੇਡਾ ਵਿੱਚ ਇਸ ਸਮੇਂ ਕੋਵਿਡ-19 ਦੇ 11,000 ਐਕਟਿਵ ਮਾਮਲੇ ਹਨ ਜਦਕਿ 126,230 ਮਰੀਜ਼ ਤਾਂ ਸਿਹਤਯਾਬ ਵੀ ਹੋ ਚੁੱਕੇ ਹਨ| ਹੁਣ ਤੱਕ 9200 ਕੈਨੇਡੀਅਨਜ਼ ਦੀ ਕਰੋਨਾਵਾਇਰਸ ਕਾਰਨ ਮੌਤ ਹੋ ਚੁੱਕੀ ਹੈ|
ਪੱਤਰਕਾਰਾਂ ਨੂੰ ਮੁਹੱਈਆ ਕਰਵਾਏ ਗਏ ਫੈਡਰਲ ਦਸਤਾਵੇਜ਼ਾਂ ਅਨੁਸਾਰ ਕੈਨੇਡਾ ਇਸ ਸਮੇਂ ਚੌਰਾਹੇ ਉੱਤੇ ਹੈ ਤੇ ਕਾਂਟੈਕਟ ਰੇਟ ਨੂੰ ਘੱਟ ਕਰਨ ਲਈ ਹਰ ਵਿਅਕਤੀ ਵਿਸੇæਸ਼ ਦੀ ਕੋਸ਼ਿਸ਼ ਹੀ ਸਾਡਾ ਰਾਹ ਤੈਅ ਕਰੇਗੀ| ਮੰਗਲਵਾਰ ਨੂੰ ਇੱਕ ਬ੍ਰੀਫਿੰਗ ਦੌਰਾਨ ਸਿਹਤ ਮੰਤਰੀ ਪੈਟੀ ਹਾਜਦੂ ਨੇ ਆਖਿਆ ਕਿ ਅੱਜ ਸਾਡੇ ਵੱਲੋਂ ਲਏ ਗਏ ਫੈਸਲਿਆਂ ਕਾਰਨ ਸਾਡਾ ਭਵਿੱਖ ਸਾਡੇ ਆਪਣੇ ਹੱਥ ਹੈ| ਸਾਨੂੰ ਇੱਕ ਦੂਜੇ ਨਾਲ ਮੁਲਾਕਾਤ ਤੋਂ ਇਨਕਾਰ ਕਰਨਾ ਚਾਹੀਦਾ ਹੈ, ਆਪਣੇ ਇੱਕਠਾਂ ਦਾ ਆਕਾਰ ਵੀ ਛੋਟਾ ਰੱਖਣਾ ਚਾਹੀਦਾ ਹੈ| ਗੈਰਜ਼ਰੂਰੀ ਤੌਰ ਉੱਤੇ ਸੋਸ਼ਲਾਈਜਿੰਗ ਨਹੀਂ ਕਰਨੀ ਚਾਹੀਦੀ|
ਇਸ ਦੌਰਾਨ ਚੀਫ ਪਬਲਿਕ ਹੈਲਥ ਆਫੀਸਰ ਡਾæ ਥੈਰੇਸਾ ਟੈਮ ਨੇ ਆਖਿਆ ਕਿ ਜੇ ਕੈਨੇਡਾ ਨੇ ਅੱਜ ਦੀ ਰਫਤਾਰ ਨਾਲ ਇੱਕ ਦੂਜੇ ਨਾਲ ਕਾਂਟੈਕਟ ਕਰਨਾ ਜਾਰੀ ਰੱਖਿਆ ਅਤੇ ਜੇ ਅਸੀਂ ਆਪਣਾ ਵਿਵਹਾਰ ਨਾ ਬਦਲਿਆ ਤਾਂ ਕੋਵਿਡ-19 ਹੋਰ ਤੇਜ਼ੀ ਨਾਲ ਫੈਲੇਗਾ| ਇਹ ਸਮਾਂ ਮਾਰਚ ਤੇ ਅਪਰੈਲ ਵਿੱਚ ਅਪਣਾਏ ਗਏ ਨਿਜੀ ਪ੍ਰੋਟੈਕਸ਼ਨ ਤੇ ਵੱਖ ਹੋਣ ਦੇ ਮਾਪਦੰਡ ਅਪਨਾਉਣ ਦਾ ਹੈ ਤਾਂ ਹੀ ਮਹਾਂਮਾਰੀ ਨੂੰ ਮੋੜਿਆ ਜਾ ਸਕਦਾ ਹੈ| ਉਨ੍ਹਾਂ ਆਖਿਆ ਕਿ ਬਹੁਤੇ ਕੈਨੇਡੀਅਨਾਂ ਦੀ ਵਾਇਰਸ ਪ੍ਰਤੀ ਇਮਿਊਨਿਟੀ ਨਹੀਂ ਹੈ| ਇਹ ਸਾਡੇ ਹੈਲਥ ਸਿਸਟਮ ਦੀ ਸਮਰੱਥਾ ਨੂੰ ਮਾਤ ਦੇ ਸਕਦਾ ਹੈ ਤੇ ਸਾਡੇ ਸਮਾਜਕ ਤੇ ਆਰਥਿਕ ਸਿਸਟਮ ਨੂੰ ਵੀ ਖੋਰਾ ਲਾ ਸਕਦਾ ਹੈ|