ਨਵੀਂ ਦਿੱਲੀ, 29 ਅਪਰੈਲ
ਭਾਰਤੀ ਕੁਸ਼ਤੀ ਫੈਡਰੇਸ਼ਨ ਦੇ ਮੁਖੀ ਬ੍ਰਿਜ ਭੂਸ਼ਨ ਸ਼ਰਨ ਸਿੰਘ ਨੇ ਅੱਜ ਸਾਫ਼ ਕਰ ਦਿੱਤਾ ਕਿ ਉਹ ਫਿਲਹਾਲ ਅਸਤੀਫਾ ਨਹੀਂ ਦੇਣਗੇ ਕਿਉਂਕਿ ਅਸਤੀਫ਼ੇ ਦਾ ਸਿੱਧਾ ਮਤਲਬ ਹੋਵੇਗਾ ਕਿ ਉਨ੍ਹਾਂ ਨੇ ਆਪਣੇ ’ਤੇ ਦੋਸ਼ ਸਵੀਕਾਰ ਕਰ ਲਏ ਹਨ। ਸ਼ੁੱਕਰਵਾਰ ਸ਼ਾਮ ਨੂੰ ਦਿੱਲੀ ਪੁਲੀਸ ਨੇ ਮਹਿਲਾ ਪਹਿਲਵਾਨਾਂ ਦੁਆਰਾ ਲਗਾਏ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਦੇ ਜਵਾਬ ਵਿੱਚ ਬ੍ਰਿਜ ਭੂਸ਼ਨ ਖ਼ਿਲਾਫ਼ ਦੋ ਐੱਫਆਈਆਰ ਦਰਜ ਕੀਤੀਆਂ ਹਨ। ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਬ੍ਰਿਜ ਭੂਸ਼ਨ ਨੇ ਕਿਹਾ, ‘ਅਸਤੀਫਾ ਦੇਣਾ ਕੋਈ ਵੱਡੀ ਗੱਲ ਨਹੀਂ ਹੈ ਪਰ ਮੈਂ ਅਪਰਾਧੀ ਨਹੀਂ ਹਾਂ। ਜੇ ਮੈਂ ਅਸਤੀਫਾ ਦਿੰਦਾ ਹਾਂ ਤਾਂ ਇਸ ਦਾ ਮਤਲਬ ਇਹ ਹੋਵੇਗਾ ਕਿ ਮੈਂ ਉਨ੍ਹਾਂ (ਪਹਿਲਵਾਨਾਂ ਦੇ) ਦੋਸ਼ਾਂ ਨੂੰ ਸਵੀਕਾਰ ਕਰ ਲਿਆ ਹੈ। ਮੇਰਾ ਕਾਰਜਕਾਲ ਅਗਲੇ ਮਹੀਨੇ ਖਤਮ ਹੋ ਰਿਹਾ ਹੈ। ਸਰਕਾਰ ਨੇ ਤਿੰਨ ਮੈਂਬਰੀ ਕਮੇਟੀ ਬਣਾਈ ਹੈ ਅਤੇ 45 ਦਿਨਾਂ ਵਿੱਚ ਚੋਣਾਂ ਹੋਣਗੀਆਂ ਅਤੇ ਚੋਣਾਂ ਤੋਂ ਬਾਅਦ ਮੇਰਾ ਕਾਰਜਕਾਲ ਖਤਮ ਹੋ ਜਾਵੇਗਾ। ਹਰ ਰੋਜ਼ ਉਹ (ਪਹਿਲਵਾਨ) ਨਵੀਆਂ ਮੰਗਾਂ ਲੈ ਕੇ ਆ ਰਹੇ ਹਨ। ਉਨ੍ਹਾਂ ਨੇ ਐੱਫਆਈਆਰ ਦੀ ਮੰਗ ਕੀਤੀ, ਐੱਫਆਈਆਰ ਦਰਜ ਕੀਤੀ ਗਈ ਅਤੇ ਹੁਣ ਉਹ ਕਹਿ ਰਹੇ ਹਨ ਕਿ ਮੈਨੂੰ ਜੇਲ੍ਹ ਭੇਜਿਆ ਜਾਵੇ ਅਤੇ ਸਾਰੇ ਅਹੁਦਿਆਂ ਤੋਂ ਅਸਤੀਫਾ ਦੇ ਦਿੱਤਾ ਜਾਵੇ। ਮੈਂ ਆਪਣੇ ਹਲਕੇ ਦੇ ਲੋਕਾਂ ਕਾਰਨ ਐੱਮਪੀ ਹਾਂ ਅਤੇ ਵਿਨੇਸ਼ ਫੋਗਾਟ ਦੇ ਕਾਰਨ ਨਹੀਂ। ਸਿਰਫ ਇੱਕ ਪਰਿਵਾਰ ਅਤੇ ਅਖਾੜਾ ਵਿਰੋਧ ਕਰ ਰਹੇ ਹਨ ਅਤੇ ਹਰਿਆਣਾ ਦੇ 90 ਪ੍ਰਤੀਸ਼ਤ ਪਹਿਲਵਾਨ ਮੇਰੇ ਨਾਲ ਹਨ।’ ਉਸ ਨੇ ਕਿਹਾ ਕਿ ਉਹ ਬੇਕਸੂਰ ਹੈ ਤੇ ਕਿਸੇ ਵੀ ਤਰ੍ਹਾਂ ਦੀ ਜਾਂਚ ਲਈ ਤਿਆਰ ਹੈ।