ਦੁਬਈ, 5 ਫਰਵਰੀ
ਵੈਸਟ ਇੰਡੀਜ਼ ਦੇ ਕਪਤਾਨ ਜੇਸਨ ਹੋਲਡਰ ਨੂੰ ਪਿਛਲੇ ਹਫ਼ਤੇ ਐਂਟਿਗਾ ਵਿੱਚ ਇੰਗਲੈਂਡ ਖ਼ਿਲਾਫ਼ ਦੂਜੇ ਟੈਸਟ ਵਿੱਚ ਜਿੱਤ ਦੌਰਾਨ ਟੀਮ ਦੀ ਹੌਲੀ ਓਵਰ ਗਤੀ ਲਈ ਤੀਜੇ ਅਤੇ ਆਖ਼ਰੀ ਟੈਸਟ ਤੋਂ ਮੁਅੱਤਲ ਕੀਤਾ ਗਿਆ ਹੈ। ਕੌਮਾਂਤਰੀ ਕ੍ਰਿਕਟ ਕੌਂਸਲ (ਆਈਸੀਸੀ) ਨੇ ਅੱਜ ਇਸ ਦੀ ਜਾਣਕਾਰੀ ਦਿੱਤੀ। ਮੇਜ਼ਬਾਨ ਟੀਮ ਦੇ ਚਾਰ ਗੇਂਦਬਾਜ਼ਾਂ ਨਾਲ ਖੇਡਣ ਅਤੇ ਇੰਗਲੈਂਡ ਦੇ ਲਗਾਤਾਰ ਵਿਕਟਾਂ ਗੁਆਉਣ ਦੇ ਬਾਵਜੂਦ ਆਈਸੀਸੀ ਨੇ ਹੋਲਡਰ ’ਤੇ ਪਾਬੰਦੀ ਲਾਉਣ ਦਾ ਫ਼ੈਸਲਾ ਕੀਤਾ ਹੈ। ਆਈਸੀਸੀ ਨੇ ਬਿਆਨ ਵਿੱਚ ਕਿਹਾ ਕਿ ਵੈਸਟ ਇੰਡੀਜ਼ ਦੀ ਟੀਮ ਨੇ ਮੈਚ ਵਿੱਚ ਤੈਅ ਸਮੇਂ ਵਿੱਚ ਦੋ ਓਵਰ ਘੱਟ ਸੁੱਟੇ। ਬੀਤੇ ਸਾਲ ਜੂਨ ’ਚ ਸ੍ਰੀਲੰਕਾ ਖ਼ਿਲਾਫ਼ ਵੈਸਟ ਇੰਡੀਜ਼ ਦੀ ਤੀਜੇ ਟੈਸਟ ਵਿੱਚ ਹਾਰ ਦੌਰਾਨ ਵੀ ਹੋਲਡਰ ਨੂੰ ਹੌਲੀ ਓਵਰ ਗਤੀ ਦਾ ਦੋਸ਼ੀ ਠਹਿਰਾਇਆ ਸੀ। ਲੜੀ ਵਿੱਚ ਹੁਣ ਤੱਕ ਸੱਤ ਵਿਕਟਾਂ ਲੈਣ ਤੋਂ ਇਲਾਵਾ 229 ਦੌੜਾਂ ਬਣਾਉਣ ਵਾਲੇ ਇਸ ਹਰਫ਼ਨਮੌਲਾ ’ਤੇ ਮੈਚ ਫ਼ੀਸ ਦਾ 40 ਫ਼ੀਸਦੀ ਜੁਰਮਾਨਾ ਵੀ ਲਗਾਇਆ ਗਿਆ ਹੈ, ਜਦਕਿ ਵੈਸਟ ਇੰਡੀਜ਼ ਟੀਮ ਦੇ ਹੋਰ ਖਿਡਾਰੀਆਂ ’ਤੇ 20 ਫ਼ੀਸਦੀ ਜੁਰਮਾਨਾ ਲੱਗਿਆ ਹੈ।