ਬਾਗਲਕੋਟ (ਕਰਨਾਟਕ), 25 ਅਪਰੈਲ
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਕਿਹਾ ਕਿ ਜੇਕਰ ਕਰਨਾਟਕ ਵਿੱਚ ਕਾਂਗਰਸ ਸੱਤਾ ’ਚ ਆਉਂਦੀ ਹੈ ਤਾਂ ਸੂਬੇ ’ਚ ਵੰਸ਼ਵਾਦੀ ਰਾਜਨੀਤੀ ਸਿਖਰ ’ਤੇ ਹੋਵੇਗੀ ਅਤੇ ਸੂਬਾ ਦੰਗਿਆਂ ਤੋਂ ਪ੍ਰਭਾਵਿਤ ਹੋਵੇਗਾ। ਉਹ ਬੇਲਾਗਾਵੀ ਜ਼ਿਲ੍ਹੇ ਵਿੱਚ ਪੈਂਦੇ ਤੇਰਦਾਲ ’ਚ ਇਕ ਜਨਤਕ ਮੀਟਿੰਗ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਜੇਕਰ ਸੂਬੇ ਵਿੱਚ ਕਾਂਗਰਸ ਦੀ ਸਰਕਾਰ ਬਣਦੀ ਹੈ ਤਾਂ ਰਾਜ ਦੀ ਤਰੱਕੀ ਨੂੰ ਪਿਛਲਾ ਗੇਅਰ ਪੈ ਜਾਵੇਗਾ। ਉਨ੍ਹਾਂ 10 ਮਈ ਨੂੰ ਹੋਣ ਵਾਲੀਆਂ ਕਰਨਾਟਕ ਵਿਧਾਨ ਸਭਾ ਚੋਣਾਂ ਵਿੱਚ ਲੋਕਾਂ ਦਾ ਸਮਰਥਨ ਮੰਗਦਿਆਂ ਕਿਹਾ ਕਿ ਸਿਰਫ਼ ਭਾਜਪਾ ਹੀ ਹੈ ਜਿਹੜੀ ਕਿ ਸੂਬੇ ਨੂੰ ‘ਨਵੇਂ ਕਰਨਾਟਕ’ ਵੱਲ ਲੈ ਕੇ ਜਾ ਸਕਦੀ ਹੈ।