ਮੁੰਬਈ, 23 ਜੂਨ
ਬੌਲੀਵੁੱਡ ਅਦਾਕਾਰਾ ਜੂਹੀ ਚਾਵਲਾ ਨੇ ਮੰਗਲਵਾਰ ਨੂੰ ਸੋਸ਼ਲ ਮੀਡੀਆ ’ਤੇ ਆਪਣੀ ਤਸਵੀਰ ਸਾਂਝੀ ਕੀਤੀ ਹੈ, ਜਿਸ ਵਿੱਚ ਉਸ ਨੇ ਕਾਲੇ ਰੰਗ ਦੀ ਟੀ-ਸ਼ਰਟ ਪਾਈ ਹੈ ਅਤੇ ਉਸ ਉੱਤੇ ਲਿਖਿਆ ਹੋਇਆ ਹੈ ‘ਸ਼ੋਅ ਮੀ ਦਿ ਡੇਟਾ’। ਇੰਸਟਾਗ੍ਰਾਮ ’ਤੇ ਸਾਂਝੀ ਕੀਤੀ ਇਸ ਤਸਵੀਰ ਵਿੱਚ ਉਹ ਆਪਣੇ ਘਰ ਦੇ ਬਗੀਚੇ ਵਿੱਚ ਬੈਠੀ ਹੋਈ ਯੋਗ ਕਰਦੀ ਨਜ਼ਰ ਆ ਰਹੀ ਹੈ। ਇਸ ਪੋਸਟ ਵਿੱਚ ਜੂਹੀ ਨੇ ਲਿਖਿਆ,‘‘ ਮੈਂ ਸੱਚ ਅਤੇ ਸਾਦਗੀ ਵਿੱਚ ਵਿਸ਼ਵਾਸ ਰੱਖਦੀ ਹਾਂ, ਮੈਂ ਆਪਣੇ ਦੇਸ਼ ਵਿੱਚ ਆਪਣੇ ਭਾਰਤ ਵਿੱਚ ਵਿਸ਼ਵਾਸ ਰੱਖਦੀ ਹਾਂ’’। ਦੱਸਣਯੋਗ ਹੈ ਕਿ ਕੁਝ ਦਿਨ ਪਹਿਲਾਂ ਜੂਹੀ ਵੱਲੋਂ 5ਜੀ ਵਾਇਰਲੈੱਸ ਨੈੱਟਵਰਕ ਸਥਾਪਿਤ ਕਰਨ ਵਿਰੁੱਧ ਦਿੱਲੀ ਹਾਈ ਕੋਰਟ ਵਿੱਚ ਪਾਈ ਪਟੀਸ਼ਨ ਨੂੰ ਹਾਈ ਕੋਰਟ ਨੇ ਖਾਰਜ ਕਰ ਦਿੱਤਾ ਸੀ ਤੇ ਉਸ ਨੂੰ ਕਾਨੂੰਨ ਦੀ ਪ੍ਰਕਿਰਿਆ ਦੀ ਦੁਰਵਰਤੋਂ ਕਰਨ ਦੇ ਦੋਸ਼ ਹੇਠ 20 ਲੱਖ ਰੁਪਏ ਜੁਰਮਾਨਾ ਲਾਇਆ ਗਿਆ ਸੀ। ਇਸਦੇ ਕੁਝ ਦਿਨਾਂ ਬਾਅਦ ਜੂਹੀ ਚਾਵਲਾ ਨੇ ਸੋਸ਼ਲ ਮੀਡੀਆ ’ਤੇ ਆਪਣੀ ਇੱਕ ਵੀਡੀਓ ਸਾਂਝੀ ਕੀਤੀ ਸੀ, ਜਿਸ ਵਿੱਚ ਉਸਨੇ ਕਿਹਾ ਸੀ,‘‘ਅਸੀਂ 5ਜੀ ਦੇ ਖ਼ਿਲਾਫ਼ ਨਹੀਂ ਹਾਂ, ਅਸੀਂ ਸਭ ਨੂੰ ਪੁੱਛ ਰਹੇ ਹਾਂ ਕਿ ਕੀ ਅਧਿਕਾਰੀ ਪ੍ਰਮਾਣਿਤ ਕਰਦੇ ਹਨ ਕਿ 5ਜੀ ਸੁਰੱਖਿਅਤ ਹੈ? ਕਿਰਪਾ ਕਰ ਕੇ ਇਸ ਨੂੰ ਪ੍ਰਮਾਣਿਤ ਕਰੋ ਅਤੇ ਇਸ ’ਤੇ ਕੀਤੇ ਆਪਣੇ ਅਧਿਐਨ ਅਤੇ ਖੋਜ ਨੂੰ ਜਨਤਕ ਡੋਮੇਨ ’ਤੇ ਪ੍ਰਕਾਸ਼ਿਤ ਕਰੋ ਤਾਂ ਜੋ ਅਸੀਂ ਆਪਣੇ ਇਸ ਡਰ ਤੋਂ ਛੁਟਕਾਰਾ ਪਾ ਸਕੀਏ। ਅਸੀਂ ਬਸ ਇਹ ਜਾਨਣਾ ਚਾਹੁੰਦੇ ਹਾਂ ਕਿ ਕੀ ਇਹ ਬੱਚਿਆਂ, ਗਰਭਵਤੀ ਔਰਤਾਂ, ਅਣਜੰਮੇ ਬੱਚਿਆਂ ਜਾਂ ਆਮ ਲੋਕਾਂ ਲਈ ਸੁਰੱਖਿਅਤ ਹੈ।’’