ਸ਼ਾਹਬਾਦ ਮਾਰਕੰਡਾ, 22 ਮਾਰਚ
ਖੇਡ ਮੰਤਰੀ ਸੰਦੀਪ ਸਿੰਘ ਨੇ ਕਿਹਾ ਹੈ ਕਿ ਹਾਕੀ ਹਰਿਆਣਾ ਵਲੋਂ ਜ਼ਿਲ੍ਹਾ ਜੀਂਦ ਵਿਚ ਚਲ ਰਹੀ ਸਬ ਜੂਨੀਅਰ ਹਾਕੀ ਰਾਸ਼ਟਰੀ ਮੁਕਾਬਲੇ ਵਿਚ ਦੇਸ਼ ਭਰ ਤੋਂ ਆਏ ਖਿਡਾਰੀਆਂ ਲਈ ਖਾਣ, ਪੀਣ, ਠਹਿਰਣ, ਸੌਣ ਸਣੇ ਖੇਡ ਮੈਦਾਨ ਤੇ ਸਿਹਤ ਸੇਵਾਵਾਂ ਨਿਯਮਾਂ ਮੁਤਾਬਿਕ ਮੁਹੱਈਆ ਨਹੀਂ ਕਰਾਈਆਂ ਗਈਆਂ। ਇੰਨਾ ਹੀ ਨਹੀਂ ਹਾਕੀ ਹਰਿਆਣਾ ਨੇ ਰਾਸ਼ਟਰੀ ਪੱਧਰ ਦੀ ਪ੍ਰਤੀਯੋਗਤਾ ਲਈ ਵਿਭਾਗ ਨਾਲ ਵੀ ਸੰਪਰਕ ਨਹੀਂ ਕੀਤਾ। ਇਸ ਤਰਾਂ ਦੀ ਪ੍ਰਤੀਯੋਗਤਾ ਲਈ ਵਰਤੀਆਂ ਗਈਆਂ ਗੰਭੀਰ ਲਾਪ੍ਰਵਾਹੀਆਂ ਲਈ ਆਈਓਏ ਨੂੰ ਸਖਤ ਨੋਟਿਸ ਲੈਣਾ ਚਾਹੀਦਾ ਹੈ ਤੇ ਹਾਕੀ ਹਰਿਆਣਾ ਦੀ ਮਾਨਤਾ ਰੱਦ ਕੀਤੀ ਜਾਣੀ ਚਾਹੀਦੀ ਹੈ। ਉਨ੍ਹਾਂ ਅੱਜ ਮਿਨੀ ਸਕੱਤਰੇਤ ਵਿਚ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਹਾਕੀ ਹਰਿਆਣਾ ਵਲੋਂ ਜ਼ਿਲ੍ਹਾ ਜੀਂਦ ਵਿਚ 17 ਤੋਂ 25 ਮਾਰਚ ਤਕ ਸਬ ਜੂਨੀਅਰ ਰਾਸ਼ਟਰੀ ਹਾਕੀ ਪ੍ਰਤੀਯੋਗਤਾ ਕਰਵਾਈ ਜਾ ਰਹੀ ਹੈ ਜਿਸ ਵਿਚ ਦੇਸ਼ ਭਰ ਤੋਂ ਖਿਡਾਰੀ ਆ ਰਹੇ ਹਨ। ਹਰਿਆਣਾ ਹਾਕੀ ਵਲੋਂ ਖਿਡਾਰੀਆਂ ਲਈ ਕੀਤੇ ਪ੍ਰਬੰਧਾਂ ਬਾਰੇ ਉਨ੍ਹਾਂ ਨੂੰ ਲਗਾਤਾਰ ਸ਼ਿਕਾਇਤਾਂ ਮਿਲ ਰਹੀਆਂ ਸਨ, ਜਿਨਾਂ ਵਿਚ ਸ਼ਪਸ਼ਟ ਕੀਤਾ ਗਿਆ ਹੈ ਕਿ ਖਿਡਾਰੀਆਂ ਨੂੰ ਸਕੂਲਾਂ ਦੇ ਕਮਰਿਆਂ ਵਿਚ ਠਹਿਰਾਇਆ ਗਿਆ ਹੈ ਤੇ ਸਫਾਈ ਪ੍ਰਬੰਧਾਂ ਦਾ ਬੁਰਾ ਹਾਲ ਹੈ। ਖੇਡ ਮੰਤਰੀ ਨੇ ਕਿਹਾ ਕਿ ਸ਼ੋਸ਼ਲ ਮੀਡੀਆ ’ਤੇ ਖਿਡਾਰੀਆਂ ਤੋਂ ਮਿਲੀਆਂ ਸ਼ਿਕਾਇਤਾਂ ਤੋਂ ਇਹ ਤੱਥ ਵੀ ਸਾਹਮਣੇ ਆਏ ਹਨ ਕਿ ਖਿਡਾਰੀਆਂ ਦਾ ਕਰੋਨਾ ਟੈਸਟ ਵੀ ਨਹੀਂ ਕੀਤਾ ਗਿਆ ਤੇ ਨਾ ਹੀ ਕਿਸੇ ਕੋਲ ਕੋਵਿਡ 19 ਨੂੰ ਲੈ ਕੇ ਕੋਈ ਰਿਪੋਰਟ ਹੈ ਤੇ ਨਾ ਹੀ ਨਿਯਮਾਂ ਦੀ ਪਾਲਣਾ ਕੀਤੀ ਜਾ ਰਹੀ ਹੈ। ਸੰਦੀਪ ਨੇ ਕਿਹਾ ਕਿ ਪ੍ਰਬੰਧਕਾਂ ਵਲੋਂ ਵਿਭਾਗ ਨਾਲ ਸੰਪਰਕ ਕੀਤਾ ਜਾਣਾ ਚਾਹੀਦਾ ਸੀ ਤਾਂ ਜੋ ਖਿਡਾਰੀਆਂ ਨੂੰ ਸਹੂਲਤਾਂ ਮਿਲ ਸਕਣ। ਉਨ੍ਹਾਂ ਕਿਹਾ ਕਿ ਆਈਓਏ ਨੂੰ ਦੋਸ਼ੀ ਲੋਕਾਂ ਖਿਲਾਫ ਕਾਰਵਾਈ ਕਰਨੀ ਚਾਹੀਦੀ ਹੈ ਤਾਂ ਜੋ ਇਸ ਤਰ੍ਹਾਂ ਦੇ ਲੋਕਾਂ ਨੂੰ ਸਬਕ ਮਿਲੇ।