ਨਵੀਂ ਦਿੱਲੀ, 24 ਜੁਲਾਈ
ਵਿਸ਼ਵ ਚੈਂਪੀਅਨਸ਼ਿਪ ਵਿੱਚ ਹਿੱਸਾ ਲੈਣ ਜਾ ਰਹੇ ਛੇ ਜੂਨੀਅਰ ਭਾਰਤੀ ਸਾਈਕਲ ਖਿਡਾਰੀਆਂ ਦੀਆਂ ਵੀਜ਼ਾ ਅਰਜ਼ੀਆਂ ਮੇਜ਼ਬਾਨ ਸਵਿਟਜ਼ਰਲੈਂਡ ਨੇ ਰੱਦ ਕਰ ਦਿੱਤੀਆਂ ਹਨ। ਹਾਲਾਂਕਿ ਭਾਰਤੀ ਸਾਈਕਲਿੰਗ ਸੰਘ (ਸੀਐਫਆਈ) ਨੇ ਕਿਹਾ ਕਿ ਇਹ ਕੋਈ ਨਵੀਂ ਗੱਲ ਨਹੀਂ। ਉਸ ਨੂੰ ਉਮੀਦ ਹੈ ਕਿ ਇੱਕ-ਦੋ ਦਿਨ ਵਿੱਚ ਮਾਮਲਾ ਸੁਲਝ ਜਾਵੇਗਾ।
15 ਤੋਂ 19 ਅਗਸਤ ਤੱਕ ਚੱਲਣ ਵਾਲੀ ਚੈਂਪੀਅਨਸ਼ਿਪ ਤੋਂ ਇੱਕ ਮਹੀਨਾ ਪਹਿਲਾਂ ਸਾਈਕਲਿਸਟਾਂ ਦੀਆਂ ਅਰਜ਼ੀਆਂ ਰੱਦ ਕੀਤੀਆਂ ਗਈਆਂ ਹਨ। ਸਵਿੱਸ ਦੂਤਾਵਾਸ ਨੇ ਅਮਰ ਸਿੰਘ, ਬਿਲਾਲ ਅਹਿਮਦ ਦਰ, ਗੁਰਪ੍ਰੀਤ ਸਿੰਘ, ਮਨੋਜ ਸਾਹੂ, ਨਮਨ ਕਪਿਲ ਅਤੇ ਵੇਂਕੱਪਾ ਸ਼ਿਵੱਪਾ ਦੀਆਂ ਬੀਤੀ 20 ਜੁਲਾਈ ਨੂੰ ਅਰਜ਼ੀਆਂ ਸਵੀਕਾਰ ਨਹੀਂ ਕੀਤੀਆਂ ਸਨ। ਇਸ ਨਾਲ ਖਿਡਾਰੀਆਂ ਨੂੰ ਝਟਕਾ ਲੱਗਿਆ ਹੈ। ਇਨ੍ਹਾਂ ਛੇ ਖਿਡਾਰੀਆਂ ਨਾਲ ਤਿੰਨ ਸਹਿਯੋਗੀ ਸਟਾਫ਼ ਦੀਆਂ ਵੀਜ਼ਾ ਅਰਜ਼ੀਆਂ ਵੀ ਖ਼ਾਰਜ ਕੀਤੀਆਂ ਗਈਆਂ ਹਨ।
ਸੀਐਫਆਈ ਦੇ ਜਨਰਲ ਸਕੱਤਰ ਓਂਕਾਰ ਸਿੰਘ ਨੇ ਕਿਹਾ, ‘‘ਸਵਿੱਸ ਦੂਤਾਵਾਸ ਨਾਲ ਵੀਜ਼ਾ ਸਮੱਸਿਆ ਨਵੀਂ ਗੱਲ ਨਹੀਂ ਹੈ। ਅਸੀਂ ਪ੍ਰਬੰਧਕਾਂ ਤੋਂ ਮਿਲੇ ਸੱਦਾ ਪੱਤਰ, ਜਹਾਜ਼ ਟਿਕਟਾਂ ਅਤੇ ਹੋਟਲ ਬੁਕਿੰਗ ਦੀ ਜਾਣਕਾਰੀ ਮੁਹੱਈਆ ਕਰਵਾਈ ਸੀ। ਸਾਨੂੰ ਇਸ ਗੱਲ ਦਾ ਕੋਈ ਪਤਾ ਨਹੀਂ ਕਿ ਉਨ੍ਹਾਂ ਨੂੰ ਹੋਰ ਕਿਹੜੇ ਦਸਤਾਵੇਜ਼ ਦੀ ਲੋੜ ਹੈ।’’ ਉਸ ਨੇ ਕਿਹਾ ਕਿ ਉਹ ਇਸ ਖ਼ਿਲਾਫ਼ ਸਫ਼ਾਰਤਖ਼ਾਨੇ ਵਿੱਚ ਅਪੀਲ ਕਰਨਗੇ, ਜਿਸ ਨਾਲ ਮਾਮਲਾ ਸੁਲਝਣ ਦੀ ਉਮੀਦ ਹੈ।  ਵੀਜ਼ਾ ਅਰਜ਼ੀਆਂ ਰੱਦ ਹੋਣ ਤੋਂ 30 ਦਿਨਾਂ ਦੇ ਅੰਦਰ-ਅੰਦਰ ਅਪੀਲ ਕਰਨੀ ਹੁੰਦੀ ਹੈ। ਓਂਕਾਰ ਸਿੰਘ ਨੇ ਕਿਹਾ, ‘‘ਹੁਣ, ਅਸੀਂ ਹਰੇਕ ਸਾਇਕਲਿਸਟ ਨੂੰ 200 ਸਵਿੱਸ ਫਰੈਂਕ ਦਾ ਖ਼ਰਚਾ ਦੇਣ ਲਈ ਅਪੀਲ ਕਰਾਂਗੇ। ਅਸੀਂ ਕੌਮਾਂਤਰੀ ਸਾਈਕਲਿੰਗ ਯੂਨੀਅਨ (ਯੂਸੀਆਈ) ਅਤੇ ਚੈਂਪੀਅਨਸ਼ਿਪ ਦੇ ਪ੍ਰਬੰਧਕਾਂ ਨੂੰ ਮਾਮਲਾ ਸੁਲਝਾਉਣ ਲਈ ਦਖ਼ਲ ਦੇਣ ਲਈ ਕਿਹਾ ਹੈ। ਸਾਨੂੰ ਉਮੀਦ ਹੈ ਕਿ ਇਸ ਮਹੀਨੇ ਦੇ ਅਖ਼ੀਰ ਤੱਕ ਖਿਡਾਰੀਆਂ ਨੂੰ ਵੀਜ਼ਾ ਮਿਲ ਜਾਵੇਗਾ।’’  ਉਨ੍ਹਾਂ ਕਿਹਾ ਕਿ ਵੀਜ਼ੇ ਲਈ ਢਾਈ ਮਹੀਨੇ ਪਹਿਲਾਂ ਅਰਜ਼ੀਆਂ ਦਿੱਤੀਆਂ ਗਈਆਂ ਸਨ। ਇਸ ਚੈਂਪੀਅਨਸ਼ਿਪ ਵਿੱਚ ਨੌਂ ਸਾਈਕਲਿਸਟ ਭਾਰਤ ਦੀ ਪ੍ਰਤੀਨਿਧਤਾ ਕਰ ਰਹੇ ਹਨ। ਇਸ ਸਮੇਂ ਤਿੰਨ ਖਿਡਾਰੀ ਜਰਮਨੀ ਵਿੱਚ ਸਿਖਲਾਈ ਲੈ ਰਹੇ ਹਨ ਜੋ ਸਿੱਧਾ ਸਵਿੱਟਜ਼ਰਲੈਂਡ ਵਿੱਚ ਟੀਮ ਨਾਲ ਜੁੜ ਜਾਣਗੇ। ਓਂਕਾਰ ਸਿੰਘ ਨੇ ਕਿਹਾ, ‘‘ਸਾਡੇ ਕੋਲ ਤਗ਼ਮੇ ਜਿੱਤਣ ਦਾ ਸੁਨਹਿਰੀ ਮੌਕਾ ਹੈ। ਸਾਡਾ ਇੱਕ ਸਾਈਕਲਿਸਟ ਜਰਮਨੀ ਵਿੱਚ ਸਿਖਲਾਈ ਲੈ ਰਿਹਾ ਹੈ, ਜੋ ਵਿਸ਼ਵ ਦਾ ਦੂਜੇ ਨੰਬਰ ਦਾ ਖਿਡਾਰੀ ਹੈ।’’