ਡਸੇਲਡੋਰਫ (ਜਰਮਨੀ), 23 ਅਗਸਤ
ਭਾਰਤੀ ਜੂਨੀਅਰ ਮਹਿਲਾ ਹਾਕੀ ਟੀਮ ਨੇ ਅੱਜ ਇੱਥੇ ਚਾਰ ਦੇਸ਼ਾਂ ਦੇ ਟੂਰਨਾਮੈਂਟ ’ਚ ਸਪੇਨ ਨੂੰ 2-1 ਨਾਲ ਹਰਾ ਦਿੱਤਾ। ਭਾਰਤ ਲਈ ਅਨੂ (21ਵੇਂ ਮਿੰਟ) ਅਤੇ ਸਾਕਸ਼ੀ ਰਾਣਾ (47ਵੇਂ ਮਿੰਟ) ਨੇ ਇਕ-ਇਕ ਗੋਲ ਕੀਤਾ। ਸਪੇਨ ਲਈ ਇੱਕੋ-ਇੱਕ ਗੋਲ ਲੀਮਾ ਟੈਰੇਸਾ (23ਵਾਂ) ਨੇ ਕੀਤਾ। ਮੈਚ ਦੇ ਪਹਿਲੇ ਕੁਆਰਟਰ ਵਿੱਚ ਦੋਵਾਂ ਟੀਮਾਂ ਨੇ ਲੈਅ ਹਾਸਲ ਕਰ ਕੇ ਦਬਦਬਾ ਬਣਾਉਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਭਾਰਤੀ ਟੀਮ ਨੇ ਜ਼ਿਆਦਾ ਹਮਲਾ ਕਰਨ ’ਤੇ ਧਿਆਨ ਦਿੱਤਾ ਪਰ ਸਪੇਨ ਦੇ ਡਿਫੈਂਸ ਨੇ ਉਸ ਨੂੰ ਗੋਲ ਕਰਨ ਦਾ ਮੌਕਾ ਨਹੀਂ ਦਿੱਤਾ। ਪਹਿਲਾ ਕੁਆਰਟਰ ਗੋਲ ਰਹਿਤ ਰਹਿਣ ਤੋਂ ਬਾਅਦ ਦੂਜੇ ਕੁਆਰਟਰ ਵਿਚ ਦੋਵੇਂ ਟੀਮਾਂ ਨੇ ਖੇਡ ਦੀ ਰਫ਼ਤਾਰ ਵਧਾਉਣ ’ਤੇ ਜ਼ੋਰ ਦਿੱਤਾ। ਇਸ ਦੌਰਾਨ ਭਾਰਤੀ ਟੀਮ ਨੇ ਲੀਡ ਲੈਣ ਲਈ ਪੂਰਾ ਜ਼ੋਰ ਲਾਇਆ ਅਤੇ ਉਸ ਨੂੰ ਇਸ ਦਾ ਫਾਇਦਾ ਵੀ ਮਿਲਿਆ। ਅਨੂ ਨੇ 21ਵੇਂ ਮਿੰਟ ਵਿੱਚ ਮੈਦਾਨੀ ਗੋਲ ਕਰ ਕੇ ਟੀਮ ਦਾ ਖਾਤਾ ਖੋਲ੍ਹਿਆ। ਹਾਲਾਂਕਿ ਭਾਰਤੀ ਟੀਮ ਦੀ ਇਹ ਲੀਡ ਜ਼ਿਆਦਾ ਦੇਰ ਨਹੀਂ ਰਹੀ ਅਤੇ ਦੋ ਮਿੰਟ ਬਾਅਦ ਹੀ ਟੈਰੇਸਾ ਦੇ ਮੈਦਾਨੀ ਗੋਲ ਨੇ ਸਕੋਰ 1-1 ਨਾਲ ਬਰਾਬਰ ਕਰ ਦਿੱਤਾ। ਮੈਚ ਦੇ ਤੀਜੇ ਕੁਆਰਟਰ ਵਿੱਚ ਵੀ ਦੋਵਾਂ ਟੀਮਾਂ ਦੇ ਡਿਫੈਂਸ ਨੇ ਸ਼ਾਨਦਾਰ ਖੇਡ ਦਿਖਾਈ।