ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਾਕਿਸਤਾਨ ਨੂੰ ਹਰਾ ਕੇ ਜੂਨੀਅਰ ਪੁਰਸ਼ ਏਸ਼ੀਆ ਕੱਪ ਜਿੱਤਣ ‘ਤੇ ਭਾਰਤੀ ਟੀਮ ਦੀ ਸ਼ਲਾਘਾ ਕਰਦਿਆਂ ਟੀਮ ਨੂੰ ਵਧਾਈ ਦਿੱਤੀ ਹੈ। ਇਸ ਸਬੰਧੀ ਸੋਸ਼ਲ ਮੀਡੀਆ ਪਲੈਟਫਾਰਮ ‘ਐਕਸ’ ਉਤੇ ਪਾਈ ਇਕ ਪੋਸਟ ਸ਼ੇਅਰ ਕੀਤੀ ਹੈ।
ਆਪਣੀ ਟਵੀਟ ਵਿਚ ਪ੍ਰਧਾਨ ਮੰਤਰੀ ਨੇ ਕਿਹਾ, “ਸਾਨੂੰ ਆਪਣੇ ਹਾਕੀ ਚੈਂਪੀਅਨਾਂ ‘ਤੇ ਮਾਣ ਹੈ! ਇਹ ਭਾਰਤੀ ਹਾਕੀ ਲਈ ਇਤਿਹਾਸਕ ਪਲ ਹੈ ਕਿਉਂਕਿ ਸਾਡੀ ਪੁਰਸ਼ ਜੂਨੀਅਰ ਟੀਮ ਨੇ ਜੂਨੀਅਰ ਏਸ਼ੀਆ ਕੱਪ 2024 ਦਾ ਖਿਤਾਬ ਜਿੱਤਿਆ ਹੈ। ਉਨ੍ਹਾਂ ਦੇ ਬੇਮਿਸਾਲ ਹੁਨਰ, ਬੇਜੋੜ ਜਜ਼ਬੇ ਅਤੇ ਸ਼ਾਨਦਾਰ ਟੀਮ ਵਰਕ ਨੇ ਇਸ ਜਿੱਤ ਨੂੰ ਖੇਡ ਗੌਰਵ ਦੇ ਇਤਿਹਾਸ ਵਿੱਚ ਸ਼ਾਮਲ ਕੀਤਾ ਹੈ।” ਮੋਦੀ ਨੇ ਹੋਰ ਕਿਹਾ, ”ਨੌਜਵਾਨ ਚੈਂਪੀਅਨਾਂ ਨੂੰ ਵਧਾਈ ਅਤੇ ਉਨ੍ਹਾਂ ਦੀਆਂ ਭਵਿੱਖੀ ਮੁਹਿੰਮਾਂ ਲਈ ਸ਼ੁਭਕਾਮਨਾਵਾਂ।”
ਗ਼ੌਰਲਤਬ ਹੈ ਕਿ ਭਾਰਤੀ ਜੂਨੀਅਰ ਪੁਰਸ਼ ਹਾਕੀ ਟੀਮ ਨੇ ਬੁੱਧਵਾਰ ਨੂੰ ਮਸਕਟ (ਓਮਾਨ) ਵਿਚ ਖੇਡੇ ਗਏ ਪੁਰਸ਼ ਜੂਨੀਅਰ ਏਸ਼ੀਆ ਕੱਪ ਦੇ ਉੱਚ ਸਕੋਰ ਵਾਲੇ ਫਾਈਨਲ ਮੈਚ ਵਿੱਚ ਦੌਰਾਨ ਆਪਣੇ ਰਵਾਇਤੀ ਵਿਰੋਧੀ ਪਾਕਿਸਤਾਨ ਨੂੰ 5-3 ਨਾਲ ਹਰਾ ਕੇ ਆਪਣੇ ਖਿਤਾਬ ਦਾ ਸਫਲਤਾਪੂਰਵਕ ਬਚਾਅ ਕੀਤਾ। ਭਾਰਤ ਨੇ ਮੁਕਾਬਲੇ ਦੇ ਇਤਿਹਾਸ ਵਿੱਚ ਰਿਕਾਰਡ ਪੰਜਵੀਂ ਵਾਰ ਖ਼ਿਤਾਬ ਆਪਣੇ ਨਾਂ ਕੀਤਾ ਹੈ। ਇਸ ਤੋਂ ਪਹਿਲਾਂ ਭਾਰਤ 2023, 2015, 2008 ਅਤੇ 2004 ਵਿੱਚ ਵੀ ਜੂਨੀਅਰ ਏਸ਼ੀਆ ਪੁਰਸ਼ ਹਾਕੀ ਕੱਪ ਵਿਚ ਖ਼ਿਤਾਬੀ ਜਿੱਤਾਂ ਦਰਜ ਕਰ ਚੁੱਕਾ ਹੈ।
ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਵੀ ਜੇਤੂ ਟੀਮ ਨੂੰ ਵਧਾਈ ਦਿੱਤੀ। ਉਨ੍ਹਾਂ ਿਕਹਾ, “ਪੁਰਸ਼ ਜੂਨੀਅਰ ਏਸ਼ੀਆ ਕੱਪ 2024 ਵਿੱਚ ਪਾਕਿਸਤਾਨ ਨੂੰ 5-3 ਨਾਲ ਹਰਾ ਕੇ ਸੁਨਹਿਰੀ ਇਤਿਹਾਸ ਰਚਣ ਲਈ ਭਾਰਤੀ ਜੂਨੀਅਰ ਹਾਕੀ ਟੀਮ ਨੂੰ ਹਾਰਦਿਕ ਵਧਾਈ! ਸਾਰੇ ਦੇਸ਼ ਵਾਸੀ ਇਸ ਇਤਿਹਾਸਕ ਪ੍ਰਾਪਤੀ ‘ਤੇ ਮਾਣਮੱਤੇ ਅਤੇ ਖੁਸ਼ ਹਨ। ਟੀਮ ਇੰਡੀਆ ਦੇ ਸਾਰੇ ਮੈਂਬਰਾਂ ਨੂੰ ਵਧਾਈ! ਜਿੱਤ ਦਾ ਇਹ ਸਿਲਸਿਲਾ ਲਗਾਤਾਰ ਇੰਝ ਹੀ ਜਾਰੀ ਰਹੇ, ਇਸ ਲਈ ਸ਼ੁਭਕਾਮਨਾਵਾਂ!’’
ਭਾਰਤ ਲਈ ਅਰੀਜੀਤ ਸਿੰਘ ਹੁੰਦਲ ਨੇ ਚੌਥੇ, 18ਵੇਂ, 47ਵੇਂ ਅਤੇ 54ਵੇਂ ਮਿੰਟ ਵਿੱਚ ਚਾਰ ਗੋਲ ਦਾਗ਼ੇ, ਜਦੋਂਕਿ ਇਕ ਗੋਲ ਦਿਲਰਾਜ ਸਿੰਘ ਨੇ 19ਵੇਂ ਮਿੰਟ ਵਿਚ ਕੀਤਾ। ਪਾਕਿਸਤਾਨ ਲਈ ਕਪਤਾਨ ਸ਼ਾਹਿਦ ਹਨਾਨ (ਤੀਜਾ ਮਿੰਟ) ਅਤੇ ਸੂਫ਼ੀਯਾਨ ਖਾਨ (30ਵਾਂ ਤੇ 39ਵਾਂ ਮਿੰਟ) ਨੇ ਤਿੰਨ ਗੋਲ ਕੀਤੇ। ਹਾਕੀ ਇੰਡੀਆ ਨੇ ਇਸ ਸ਼ਾਨਦਾਰ ਕਾਰਗੁਜ਼ਾਰੀ ਲਈ ਟੀਮ ਦੇ ਹਰੇਕ ਖਿਡਾਰੀ ਨੂੰ ਦੋ-ਦੋ ਲੱਖ ਰੁਪਏ ਅਤੇ ਹਰੇਕ ਸਹਿਯੋਗੀ ਸਟਾਫ਼ ਨੂੰ ਇਕ-ਇਕ ਲੱਖ ਰੁਪਏ ਦਾ ਨਕਦ ਇਨਾਮ ਦੇਣ ਦਾ ਐਲਾਨ ਕੀਤਾ ਹੈ।