ਗਾਂਧੀਨਗਰ, 19 ਅਗਸਤ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਇੱਥੇ ਜੀ20 ਮੁਲਕਾਂ ਨੂੰ ਤਕਨਾਲੋਜੀ ਦੇ ਬਰਾਬਰ ਸਹੂਲਤਾਂ ਦੇਣ ਅਤੇ ਲੋਕ ਭਲਾਈ ਲਈ ਕਾਢਾਂ ਦੀ ਅਪੀਲ ਕੀਤੀ। ਗੁਜਰਾਤ ਦੀ ਰਾਜਧਾਨੀ ਗਾਂਧੀਨਗਰ ਵਿੱਚ ਜੀ20 ਮੁਲਕਾਂ ਦੇ ਸਿਹਤ ਮੰਤਰੀਆਂ ਦੀ ਮੀਟਿੰਗ ਨੂੰ ਵਰਚੁਅਲੀ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਸਾਰਿਆਂ ਨੂੰ ਅਗਲੀ ਸਿਹਤ ਐਮਰਜੈਂਸੀ ਨਾਲ ਨਜਿੱਠਣ ਲਈ ਤਿਆਰ ਰਹਿਣ ਦਾ ਸੱਦਾ ਦਿੱਤਾ। ਨਰਿੰਦਰ ਮੋਦੀ ਨੇ ਕਿਹਾ ਕਿ ਡਿਜੀਟਲ ਹੱਲ ਅਤੇ ਖੋਜਾਂ ਸਾਡੀਆਂ ਕੋਸ਼ਿਸ਼ਾਂ ਨੂੰ ਤਰਕਸੰਗਤ ਬਣਾਉਣ ਲਈ ਲਾਹੇਵੰਦ ਸਾਧਨ ਹਨ। ਉਨ੍ਹਾਂ ਕਿਹਾ, ‘‘ਆਲਮੀ ਸਿਹਤ ਸਬੰਧੀ ਵੱਖ ਵੱਖ ਵਿਸ਼ਵਵਿਆਪੀ ਡਿਜੀਟਲ ਸਿਹਤ ਪਹਿਲਕਦਮੀਆਂ ਨੂੰ ਇੱਕ ਸਾਂਝੇ ਮੰਚ ’ਤੇ ਲਿਆਉਣਗੀਆਂ। ਆਓ ਲੋਕ ਭਲਾਈ ਲਈ ਕਾਢਾਂ ਕੱਢੀਏ।’’ ਪ੍ਰਧਾਨ ਮੰਤਰੀ ਨੇ ਕਿਹਾ, ‘‘ਆਓ ਤਕਨਾਲੋਜੀ ਦੇ ਬਰਾਬਰ ਸਹੂੁਲਤਾਂ ਨੂੰ ਯਕੀਨੀ ਬਣਾਈਏ। ਇਹ ਪਹਿਲ ਵਿਸ਼ਵ ਭਰ ਦੇ ਦੱਖਣੀ ਮੁਲਕਾਂ ਨੂੰ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਦੇ ਪਾੜੇ ਨੂੰ ਪੂਰਾ ਕਰਨ ਦੀ ਆਗਿਆ ਦੇਵੇਗੀ।’’ ਉਨ੍ਹਾਂ ਜੀ20 ਮੁਲਕਾਂ ਦੇ ਮੈਂਬਰਾਂ ਨੂੰ ਦੱਸਿਆ ਕਿ ਭਾਰਤ ਵਿਸ਼ਵ ਸਿਹਤ ਸੰਗਠਨ ਵੱਲੋਂ ਮਿਥੇ ਗਏ ਟੀਚੇ ਤੋਂ ਪਹਿਲਾਂ ਲੋਕਾਂ ਦੇ ਸਹਿਯੋਗ ਨਾਲ ਟੀਬੀ ਦਾ ਖ਼ਤਮਾ ਕਰ ਦੇਵੇਗਾ। ਮੋਦੀ ਨੇ ਕਿਹਾ ਕਿ ਟੀਬੀ ਮੁਕਤ ਭਾਰਤ ਲਈ ਲੋਕਾਂ ਨੂੰ ਨਿਕਸ਼ੈ ਮਿੱਤਰ ਬਣਨ ਦੀ ਅਪੀਲ ਕੀਤੀ ਗਈ ਹੈ। ਪ੍ਰਧਾਨ ਮੰਤਰੀ ਨੇ ਕਰੋਨਾ ਮਹਾਮਾਰੀ ਵਾਂਗ ਅਗਲੀ ਸਿਹਤ ਐਮਰਜੈਂਸੀ ਨਾਲ ਨਜਿੱਠਣ ਲਈ ਪਹਿਲਾਂ ਤੋਂ ਹੀ ਤਿਆਰ ਰਹਿਣ ’ਤੇ ਜ਼ੋਰ ਦਿੱਤਾ।