ਸੰਯੁਕਤ ਰਾਸ਼ਟਰ, 14 ਸਤੰਬਰ

ਸੰਯੁਕਤ ਰਾਸ਼ਟਰ ਮਹਾਸਭਾ ਦੇ 78ਵੇਂ ਸੈਸ਼ਨ ਦੇ ਪ੍ਰਧਾਨ ਡੈਨਿਸ ਫਰਾਂਸਿਸ ਨੇ ਕਿਹਾ ਹੈ ਕਿ ਭਾਰਤ ਦੀ ਅਗਵਾਈ ਵਿਚ ਨਵੀਂ ਦਿੱਲੀ ਵਿਚ ਜੀ20 ਨੇਤਾਵਾਂ ਦੇ ਸਿਖਰ ਸੰਮੇਲਨ ਵਿਚ ਜਾਰੀ ‘ਭਾਈਵਾਲੀ’ ਦਾ ‘ਠੋਸ’ ਸੰਯੁਕਤ ਬਿਆਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਉਨ੍ਹਾਂ ਦੀ ਟੀਮ ਦੀ ਕੂਟਨੀਤਕ ਮੁਹਾਰਤ ਤੇ ਯੋਗਤਾ ਦਾ ਪ੍ਰਤੀਕ ਹੈ। ਫਰਾਂਸਿਸ ਨੇ ਇੱਥੇ ਇਕ ਇੰਟਰਵਿਊ ਵਿਚ ਜੀ20 ਸੰਮੇਲਨ ਦੇ ‘ਸ਼ਾਨਦਾਰ ਨਤੀਜਿਆਂ ਲਈ ਭਾਰਤ ਸਰਕਾਰ ਤੇ ਦੇਸ਼ ਦੇ ਲੋਕਾਂ ਨੂੰ ਵਧਾਈ ਦਿੱਤੀ’ ਉਨ੍ਹਾਂ ਕਿਹਾ, ‘ਮੈਨੂੰ ਲੱਗਦਾ ਹੈ ਕਿ ਇਹ ਪ੍ਰਧਾਨ ਮੰਤਰੀ ਮੋਦੀ ਤੇ ਉਨ੍ਹਾਂ ਦੀ ਟੀਮ ਦੀ ਕੂਟਨੀਤਕ ਯੋਗਤਾ ਤੇ ਮੁਹਾਰਤ ਦਾ ਸਬੂਤ ਹੈ ਕਿ ਉਹ ਭਾਈਵਾਲੀ ਦਾ ਇਕ ਠੋਸ ਸਾਂਝਾ ਬਿਆਨ ਜਾਰੀ ਕਰਨ ਵਿਚ ਜੀ20 ਦੇ ਮੈਂਬਰ ਮੁਲਕਾਂ ਨੂੰ ਇਕੱਠੇ ਰੱਖਣ ਵਿਚ ਸਫ਼ਲ ਰਹੇ ਹਨ, ਜੋ ਯਕੀਨੀ ਤੌਰ ’ਤੇ ਸਾਡੇ ਲਈ ਜ਼ਰੂਰੀ ਸੀ।’ ਉਨ੍ਹਾਂ ਕਿਹਾ ਕਿ ਚੁਣੌਤੀਆਂ ਦੇ ਹੱਲ ਲਈ ਇਕਜੁੱਟ ਹੋਣ ਦੀ ਲੋੜ ਹੈ, ਤੇ ਸਹਿਯੋਗ ਜ਼ਰੂਰੀ ਹੈ। ਇਸ ਲਈ ਚੁਣੌਤੀਆਂ ਪ੍ਰਤੀ ਹੱਲ ਕੱਢਣ ਵਾਲਾ ਦ੍ਰਿਸ਼ਟੀਕੋਣ ਅਪਨਾਉਣਾ ਪਏਗਾ, ਤੇ ਐਲਾਨਨਾਮੇ ਵਿਚ ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਥਾਂ ਦਿੱਤੀ ਗਈ ਹੈ। ਜ਼ਿਕਰਯੋਗ ਹੈ ਕਿ ਐਲਾਨਨਾਮੇ ਵਿਚ ਯੂਕਰੇਨ ਜੰਗ ਦਾ ਜ਼ਿਕਰ ਨਹੀਂ ਹੈ, ਬਲਕਿ ਉੱਥੇ ਵਿਆਪਕ ਤੇ ਸਥਾਈ ਸ਼ਾਂਤੀ ਸਥਾਪਿਤ ਕਰਨ ਦੀ ਗੱਲ ਕੀਤੀ ਗਈ ਹੈ। ਸੰਯੁਕਤ ਰਾਸ਼ਟਰ ਵਿਚ ਭਾਰਤ ਦੀ ਭੂਮਿਕਾ ’ਤੇ ਫਰਾਂਸਿਸ ਨੇ ਜ਼ੋਰ ਦੇ ਕੇ ਕਿਹਾ ਕਿ ਦੇਸ਼ ਇਸ ਪ੍ਰਣਾਲੀ ਵਿਚ ਇਕ ਅਹਿਮ ਖਿਡਾਰੀ ਹੈ, ਇਕ ਗਤੀਸ਼ੀਲ ਵਧਦੇ ਬਾਜ਼ਾਰ ਦੇ ਨਾਲ ਦੁਨੀਆ ਦੇ ਸਭ ਤੋਂ ਵੱਡੇ ਦੇਸ਼ਾਂ ਵਿਚੋਂ ਇਕ ਹੈ।