ਓਟਵਾ, 3 ਜੂਨ : ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਇਹ ਐਲਾਨ ਕੀਤਾ ਗਿਆ ਹੈ ਕਿ ਉਹ 11 ਤੋਂ 13 ਜੂਨ ਤੱਕ ਹੋਣ ਜਾ ਰਹੀ ਜੀ-7 ਆਗੂਆਂ ਦੀ ਸਿਖਰ ਵਾਰਤਾ ਵਿੱਚ ਨਿਜੀ ਤੌਰ ਉੱਤੇ ਹਿੱਸਾ ਲੈਣਗੇ। ਇਸ ਤੋਂ ਬਾਅਦ ਉਹ 14 ਜੂਨ ਨੂੰ ਨਾਟੋ ਸਮਿਟ ਵਿੱਚ ਵੀ ਸਿ਼ਰਕਤ ਕਰਨਗੇ ਤੇ ਬਰੱਸਲਜ਼ ਵਿੱਚ ਹੋਣ ਵਾਲੀ ਕੈਨੇਡਾ-ਯੂਰਪੀਅਨ ਯੂਨੀਅਨ ਸਿਖਰ ਵਾਰਤਾ ਵਿੱਚ ਵੀ ਸ਼ਮੂਲੀਅਤ ਕਰਨਗੇ।
ਟਰੂਡੋ ਨੇ ਆਖਿਆ ਕਿ ਗਲੋਬਲ ਆਗੂਆਂ ਨੂੰ ਉਨ੍ਹਾਂ ਚੁਣੌਤੀਆਂ ਨਾਲ ਨਜਿੱਠਣ ਲਈ ਇੱਕਠਾ ਹੋਣਾ ਹੋਵੇਗਾ ਜਿਨ੍ਹਾਂ ਦਾ ਸਾਹਮਣਾ ਇਸ ਸਮੇਂ ਪੂਰੀ ਦੁਨੀਆ ਕਰ ਰਹੀ ਹੈ ਤੇ ਭਵਿੱਖ ਵਿੱਚ ਕਰੇਗੀ। ਪ੍ਰਧਾਨ ਮੰਤਰੀ ਦੇ ਆਫਿਸ ਨੇ ਆਖਿਆ ਕਿ ਯੂ ਕੇ ਤੇ ਬੈਲਜੀਅਮ ਜਾਣ ਵਾਲਾ ਕੈਨੇਡੀਅਨ ਵਫਦ ਸਖ਼ਤ ਪਬਲਿਕ ਹੈਲਥ ਪ੍ਰੋਟੋਕਾਲਜ਼ ਤੇ ਪ੍ਰੋਸੀਜਰਜ਼ ਦਾ ਪਾਲਣ ਕਰੇਗਾ। ਇਨ੍ਹਾਂ ਸਾਰੇ ਨਿਯਮਾਂ ਦਾ ਪਾਲਣ ਵਫਦ ਵੱਲੋਂ ਆਪਣੇ ਦੌਰੇ ਦੌਰਾਨ, ਟਰਾਂਜਿ਼ਟ ਦੌਰਾਨ ਤੇ ਘਰੇ ਪਹੁੰਚਣ ਉੱਤੇ ਵੀ ਕੀਤਾ ਜਾਵੇਗਾ।
ਬ੍ਰਿਟਿਸ਼ ਪ੍ਰਧਾਨ ਮੰਤਰੀ ਬੌਰਿਸ ਜੌਹਨਸਨ ਨੇ ਸ਼ੁੱਕਰਵਾਰ ਨੂੰ ਇਹ ਆਖਿਆ ਸੀ ਕਿ ਟਰੂਡੋ ਜੀ-7 ਦੇਸ਼ਾਂ ਦੀ ਸਿਖਰ ਵਾਰਤਾ ਵਿੱਚ ਨਿਜੀ ਤੌਰ ਉੱਤੇ ਸਿ਼ਰਕਤ ਕਰਨਗੇ ਪਰ ਉਹ ਸਮੇਂ ਟਰੂਡੋ ਵੱਲੋਂ ਇਸ ਦੀ ਪੁਸ਼ਟੀ ਨਹੀਂ ਸੀ ਕੀਤੀ ਗਈ।ਬੁੱਧਵਾਰ ਨੂੰ ਟਰੂਡੋ ਨੇ ਆਖਿਆ ਕਿ ਕੈਨੇਡਾ ਆਪਣੇ ਕੌਮਾਂਤਰੀ ਭਾਈਵਾਲਾਂ ਨਾਲ ਰਲ ਕੇ ਲੋਕਾਂ ਨੂੰ ਸਿਹਤਮੰਦ ਰੱਖਣ, ਰੋਜ਼ਗਾਰ ਦੇ ਮੌਕੇ ਪੈਦਾ ਕਰਨ, ਮੱਧ ਵਰਗ ਦੇ ਵਿਕਾਸ ਵੱਲ ਧਿਆਨ ਦੇਣ, ਕਲਾਈਮੇਟ ਚੇਂਜ ਨਾਲ ਲੜਨ ਤੇ ਜਮਹੂਰੀ ਕਦਰਾਂ ਕੀਮਤਾਂ ਨੂੰ ਹੋਰ ਮਜ਼ਬੂਤ ਕਰਨ ਲਈ ਕੰਮ ਕਰੇਗਾ।
ਇਸ ਵਾਰੀ ਜੀ-7 ਸਿਖਰ ਵਾਰਤਾ ਵਿੱਚ ਮੁੱਖ ਤੌਰ ਉੱਤੇ ਕੌਮਾਂਤਰੀ ਨਿਯਮਾਂ ਨੂੰ ਹੱਲਾਸ਼ੇਰੀ ਦੇਣਾ, ਮਨੁੱਖੀ ਅਧਿਕਾਰ, ਜਮਹੂਰੀਅਤ ਤੇ ਲਿੰਗਕ ਸਮਾਨਤਾ ਵਰਗੇ ਮੁੱਦੇ ਵਿਚਾਰੇ ਜਾਣਗੇ। ਕੈਨੇਡਾ-ਈਯੂ ਸਿਖਰ ਵਾਰਤਾ ਦੌਰਾਨ ਟਰੂਡੋ ਯੂਰਪੀਅਨ ਕਾਉਂਸਲ ਦੇ ਪ੍ਰੈਜ਼ੀਡੈਂਟ, ਚਾਰਲਸ ਮਾਈਕਲ ਤੇ ਯੂਰਪੀਅਨ ਕਮਿਸ਼ਨ ਦੇ ਪ੍ਰੈਜ਼ੀਡੈਂਟ ਉਰਸੁਲਾ ਵੌਨ ਡੇਰ ਲੇਯੇਨ ਨਾਲ ਮੁਲਾਕਾਤ ਕਰਨਗੇ।