ਲਿਵਰਪੂਲ, 13 ਦਸੰਬਰ

ਬਰਤਾਨੀਆ ਦੀ ਵਿਦੇਸ਼ ਮੰਤਰੀ ਲਿਜ਼ ਟਰੂਸ ਨੇ ਅੱਜ ਕਿਹਾ ਕਿ ਰੂਸ ਨੂੰ ਇਹ ਚਿਤਾਵਨੀ ਦੇਣ ਲਈ  ਦੁਨੀਆ ਦੇ ਸਭ ਤੋਂ ਵੱਡੇ ਅਰਥਚਾਰੇ ਇਕਜੁੱਟ ਹਨ ਕਿ ਯੂਕਰੇਨ ’ਤੇ ਹਮਲੇ ਦੇ ਨਤੀਜੇ ਵੱਡੇ ਹੋਣਗੇ। 

ਬਰਤਾਨੀਆ ਦੇ ਸ਼ਹਿਰ ਲਿਵਰਪੂਲ ’ਚ ਚੱਲ ਰਹੇ ਸੱਤ ਅਮੀਰ ਜਮਹੂਰੀ ਮੁਲਕਾਂ ਦੇ ਸਮੂਹ (ਜੀ-7) ਦੇ ਵਿਦੇਸ਼ ਮੰਤਰੀਆਂ ਦੇ ਸੰਮੇਲਨ ਦੌਰਾਨ ਯੂਕਰੇਨ ਦੀ ਹੱਦ ਨੇੜੇ ਰੂਸੀ ਫੌਜ ਦਾ ਇਕੱਠੇ ਹੋਣਾ ਚਰਚਾ ਦਾ ਮੁੱਖ ਵਿਸ਼ਾ ਰਿਹਾ। ਅਮਰੀਕਾ ਅਤੇ ਉਸ ਦੇ ਨਾਟੋ ਤੇ ਜੀ-7 ਸਹਿਯੋਗੀਆਂ ਨੂੰ ਫਿਕਰ ਹੈ ਕਿ ਸਰਹੱਦੀ ਖੇਤਰ ’ਚ ਰੂਸੀ ਫੌਜੀਆਂ ਦੀਆਂ ਗਤੀਵਿਧੀਆਂ ਤੋਂ ਹਮਲਾ ਹੋਣ ਦਾ ਖਦਸ਼ਾ ਜ਼ਾਹਿਰ ਹੁੰਦਾ ਹੈ ਅਤੇ ਜੇਕਰ ਅਜਿਹਾ ਹੁੰਦਾ ਹੈ ਤਾ ਉਨ੍ਹਾਂ ਰੂਸੀ ਅਰਥਚਾਰੇ ’ਤੇ ਭਾਰੀ ਪਾਬੰਦੀਆਂ ਲਾਉਣ ਦਾ ਫ਼ੈਸਲਾ ਕੀਤਾ ਹੋਇਆ ਹੈ। ਹਾਲਾਂਕਿ ਰੂਸ ਨੇ ਯੂਕਰੇਨ ’ਤੇ ਹਮਲਾ ਕਰਨ ਦੀ ਕਿਸੇ ਵੀ ਯੋਜਨਾ ਤੋਂ ਇਨਕਾਰ ਕੀਤਾ ਹੈ ਅਤੇ ਉਸ ਨੇ ਕੀਵ ’ਤੇ ਕਥਿਤ ਤੌਰ ’ਤੇ ਹਮਲਾਵਰ ਰਵੱਈਆ ਅਪਣਾਉਣ ਦਾ ਦੋਸ਼ ਲਾਇਆ। 

ਅਮਰੀਕਾ ਦੇ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਤੇ ਹੋਰ ਜੀ-7 ਕੂਟਨੀਤਕਾਂ ਨਾਲ ਇਸ ਮੁੱਦੇ ’ਤੇ ਚਰਚਾ ਤੋਂ ਬਾਅਦ ਟਰੂਸ ਨੇ ਕਿਹਾ ਕਿ ਇਹ ਸੰਗਠਨ ਆਪਣੇ ਦੁਸ਼ਮਣਾਂ ਤੇ ਆਪਣੇ ਸਹਿਯੋਗੀਆਂ ਨੂੰ ਸਖਤ ਸੰਦੇਸ਼ ਭੇਜ ਰਿਹਾ ਹੈ। ਉਨ੍ਹਾਂ ਪੱਤਰਕਾਰ ਸੰਮੇਲਨ ’ਚ ਕਿਹਾ, ‘ਅਸੀਂ ਸਪੱਸ਼ਟ ਕਰ ਰਹੇ ਹਾਂ ਕਿ ਯੂਕਰੇਨ ’ਤੇ ਹਮਲੇ ਦੇ ਨਤੀਜੇ ਵੱਡੇ ਹੋਣਗੇ ਤੇ ਇਨ੍ਹਾਂ ਦੀ ਵੱਡੀ ਕੀਮਤ ਚੁਕਾਉਣੀ ਪਵੇਗੀ।’ ਜੀ-7 ਦੇ ਮੁਲਕਾਂ ਬਰਤਾਨੀਆ, ਅਮਰੀਕਾ, ਕੈਨੇਡਾ, ਫਰਾਂਸ, ਜਰਮਨੀ, ਇਟਲੀ ਤੇ ਜਪਾਨ ਵੱਲੋਂ ਰੂਸ ਲਈ ਸਖਤ ਚਿਤਾਵਨੀ ਜਾਰੀ ਕੀਤੇ ਜਾਣ ਦੀ ਸੰਭਾਵਨਾ ਹੈ। ਟਰੂਸ ਨੂੰ ਜਦੋਂ ਆਰਥਿਕ ਪਾਬੰਦੀਆਂ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਜੀ-7 ਇਨ੍ਹਾਂ ’ਤੇ ਗੌਰ ਕਰ ਰਿਹਾ ਹੈ।