ਓਟਵਾ, 23 ਨਵੰਬਰ : ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਐਤਵਾਰ ਨੂੰ ਜੀ-20 ਦੇਸ਼ਾਂ ਦੇ ਹੋ ਰਹੇ ਸਿਖਰ ਸੰਮੇਲਨ ਵਿੱਚ ਹਿੱਸਾ ਲਿਆ| ਇਸ ਦੌਰਾਨ ਕੀਤੇ ਗਏ ਵਾਅਦਿਆਂ ਵਿੱਚ ਵਪਾਰ ਨੂੰ ਚੱਲਦਾ ਰੱਖਣ ਲਈ ਰਲ ਕੇ ਕੰਮ ਕਰਨ, ਵਾਤਾਵਰਣ ਵਿੱਚ ਹੋ ਰਹੀਆਂ ਤਬਦੀਲੀਆਂ ਨਾਲ ਲੜਨ ਤੇ ਕੋਵਿਡ-19 ਵੈਕਸੀਨ ਗਰੀਬ ਦੇਸ਼ਾਂ ਨੂੰ ਮੁਹੱਈਆ ਕਰਵਾਉਣ ਦਾ ਤਹੱਈਆ ਪ੍ਰਗਟਾਇਆ ਗਿਆ|
ਦੋ ਦਿਨਾਂ ਤੱਕ ਬੰਦ ਦਰਵਾਜ਼ਾ ਵਰਚੂਅਲ ਗੱਲਬਾਤ ਵਿੱਚ ਸਾਰੇ ਆਗੂਆਂ ਦਾ ਧਿਆਨ ਮਹਾਂਮਾਰੀ ਖਿਲਾਫ ਰਲ ਕੇ ਹੰਭਲਾ ਮਾਰਨ ਉੱਤੇ ਹੀ ਕੇਂਦਰਿਤ ਰਿਹਾ| ਸਿਖਰ ਵਾਰਤਾ ਮੁੱਕਣ ਤੋਂ ਬਾਅਦ ਜੀ-20 ਆਗੂਆਂ ਵੱਲੋਂ ਸਾਂਝਾ ਐਲਾਨਨਾਮਾ ਵੀ ਜਾਰੀ ਕੀਤਾ ਗਿਆ| ਮਾਹਿਰਾਂ ਦਾ ਮੰਨਣਾ ਹੈ ਕਿ ਸਿਖਰ ਵਾਰਤਾ ਵਿੱਚ ਦੁਹਰਾਏ ਗਏ ਵਾਅਦਿਆਂ ਦੇ ਬਾਵਜੂਦ ਅੱਜ ਦੁਨੀਆ ਨੂੰ ਦਰਪੇਸ਼ ਕਈ ਅਹਿਮ ਮੁੱਦਿਆ ਨੂੰ ਛੋਹਿਆ ਵੀ ਨਹੀਂ ਗਿਆ ਕਿਉਂਕਿ ਇਹ ਨਵੇਂ ਮੁੱਦੇ ਨਹੀਂ ਸਨ| ਅਫਰੀਕਾ ਤੇ ਹੋਰਨਾਂ ਥਾਂਵਾਂ ਉੱਤੇ ਵੈਕਸੀਨ ਕਿਸ ਤਰ੍ਹਾਂ ਪਹੁੰਚਾਈ ਜਾਣੀ ਹੈ ਸਮੇਤ ਨਵੇਂ ਵਾਅਦਿਆਂ ਲਈ ਕਿਸੇ ਕਿਸਮ ਦੇ ਫੰਡਾਂ ਦਾ ਐਲਾਨ ਵੀ ਨਹੀਂ ਕੀਤਾ ਗਿਆ| ਸਾਊਦੀ ਅਰਬ ਵੱਲੋਂ ਇਸ ਸਿਖਰ ਵਾਰਤਾ ਦੀ ਮੇਜ਼ਬਾਨੀ ਕੀਤੇ ਜਾਣ ਦੇ ਬਾਵਜੂਦ ਇਸ ਐਲਾਨਨਾਮੇ ਵਿੱਚ ਮਨੁੱਖੀ ਅਧਿਕਾਰਾਂ ਦਾ ਕੋਈ ਜ਼ਿਕਰ ਤੱਕ ਨਹੀਂ ਕੀਤਾ ਗਿਆ|
ਪ੍ਰਧਾਨ ਮੰਤਰੀ ਆਫਿਸ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਟਰੂਡੋ ਨੇ ਇਸ ਵਰਚੂਅਲ ਸਿਖਰ ਵਾਰਤਾ ਵਿੱਚ ਮਨੁੱਖੀ ਅਧਿਕਾਰਾਂ ਦਾ ਮੁੱਦਾ ਜ਼ਰੂਰ ਛੇੜਿਆ ਸੀ| ਉਨ੍ਹਾਂ ਵੱਲੋਂ ਕਲਾਈਮੇਟ ਚੇਂਜ, ਮੁਕਤ ਵਪਾਰ, ਵੈਕਸੀਨ ਤੱਕ ਸਾਰਿਆ ਦੀ ਪਹੁੰਚ ਤੇ ਸਾਰੇ ਲੋਕਾਂ ਦੀ ਕੋਵਿਡ-19 ਦੌਰਾਨ ਮਦਦ ਵਰਗੇ ਮੁੱਦਿਆਂ ਬਾਰੇ ਵੀ ਆਗੂਆਂ ਨਾਲ ਗੱਲਬਾਤ ਕਰਨ ਦੀ ਕੋਸਿਸ ਕੀਤੀ ਗਈ|