ਫਰਿਜ਼ਨੋ, ਕੈਲੀਫੋਰਨੀਆਂ (ਕੁਲਵੰਤ ਧਾਲੀਆਂ/ਨੀਟਾ ਮਾਛੀਕੇ): ਜੀ.ਐਚ.ਜੀ. ਡਾਂਸ ਅਤੇ ਸੰਗੀਤ ਅਕੈਡਮੀ ਫਰਿਜ਼ਨੋ ਵੱਲੋਂ ਚੌਧਵਾਂ ਸਲਾਨਾ ਅੰਤਰ-ਰਾਸ਼ਟਰੀ ਯੁਵਕ ਮੇਲਾ ਫਰਿਜ਼ਨੋ ਦੇ “ਵਿਲੀਅਮ ਸਰੋਏਨ ਥੀਏਟਰ” (William Saroyan Theater) ਵਿੱਚ ਕਰਵਾਇਆ ਗਿਆ। ਜਿਸ ਦੀ ਸੁਰੂਆਤ ਜੀ. ਐਚ. ਜੀ. ਖਾਲਸਾ ਦੀ ਚਲੀ ਆ ਰਹੀ ਮਰਿਯਾਦਾ ਅਨੁਸਾਰ ਸਭ ਨੇ ਰਲ ਕੇ ਪ੍ਰੋਗਰਾਮ ਦੀ ਸਫਲਤਾ ਲਈ ਅਰਦਾਸ ਕੀਤੀ। ਇਸ ਉਪਰੰਤ ਪੰਜਾਬੀ ਸੱਭਿਆਚਾਰ ਨੂੰ ਸਿਜਦਾ ਕਰਦੇ ਹੋਏ ਗਿੱਧੇ ਅਤੇ ਭੰਗੜੇ ਦਾ ਦੌਰ ਵਿੱਚ ਪਹਿਲਾ ਜੀ. ਐਚ. ਜੀ. ਅਕੈਡਮੀਂ ਦੇ ਵੱਲੋਂ ਤਿਆਰ ਟੀਮਾਂ ਦੇ ਬੱਚਿਆਂ ਦੀਆਂ ਟੀਮਾਂ ਨੇ ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ।
ਇਸ ਸਮੇਂ ਅਕੈਡਮੀ ਦੇ ਫਾਊਡਰ ਅਤੇ ਸਰਪ੍ਰਸਤ ਡਾ. ਦਲਜਿੰਦਰ ਸਿੰਘ ਜੌਹਲ ਵੱਲੋਂ ਭੇਜਿਆ ਵਧਾਈ ਅਤੇ ਪ੍ਰੋਗਰਾਮ ਦਾ ਸੁਨੇਹਾ ਸਭ ਨੂੰ ਸੁਣਾਇਆ ਗਿਆ। ਇਸ ਉਪਰੰਤ ਚੱਲੇ ਭੰਗੜੇ ਦੇ ਮੁਕਾਬਲੇ ਦੇ ਮਹਾਂ ਯੁੱਧ ਵਿੱਚ ਅਮਰੀਕਾ ਅਤੇ ਕਨੇਡਾਂ ਦੇ ਵੱਖ-ਵੱਖ ਸ਼ਹਿਰਾਂ ਦੀਆਂ ਟੀਮਾਂ ਨੇ ਪੂਰੇ ਜੋਸ਼ ਅਤੇ ਚੜਦੀਕਲਾ ਨਾਲ ਭੰਗੜੇ ਦੇ ਮੁਕਾਬਲੇ ਕਰਦੇ ਹੋਏ ਖੂਬ ਕਲਾ ਦਾ ਪ੍ਰਦਰਸ਼ਨ ਅਤੇ ਹਾਜ਼ਰੀਨ ਦਾ ਮੰਨੋਰੰਜ਼ਨ ਕੀਤਾ।
ਇਹ ਅੰਤਰ-ਰਾਸ਼ਟਰੀ ਬੜੇ ਦਿਲਚਸਪ ਸਨ। ਜਿਸ ਸਭ ਟੀਮਾਂ ਨੇ ਆਪਣੀ ਪੂਰੀ ਤਿਆਰੀ ਨਾਲ ਪੇਸ਼ਕਾਰੀ ਕੀਤੀ। ਆਪਸੀ ਮੁਕਾਬਲੇ ਵਿੱਚ ਕੁਝ ਨੰਬਰਾਂ ਦੇ ਹਿਸਾਬ ਨਾਲ ਹੀ ਇੱਕ-ਦੂਜੇ ਤੋਂ ਫ਼ਰਕ ਨਾਲ ਰਹੇ। ਟੀਮਾਂ ਲਈ ਇਨਾਮ ਵੱਖ-ਵੱਖ ਸਪਾਂਸਰਾਂ ਵੱਲੋਂ ਦਿੱਤੇ ਗਏ। ਹੁਣ ਸਾਰਾ ਸਾਲ ਆਪਣੇ ਸਟੂਡੀੳ ਵਿੱਚ ਭੰਗੜਾ ਸਿਖਲਾਈ ਦੇਣ ਵਾਲੀ ਜੀ. ਐਚ. ਜੀ. ਅਕੈਡਮੀ ਦੇ ਸਿੱਖਿਆਰਥੀਆਂ ਦੀ ਟੀਮ ਨੇ ਵੀ ਬਾ-ਕਮਾਲ ਪੇਸ਼ਕਾਰੀ ਕੀਤੀ। ਜਿਸ ਵਿੱਚ ਭੰਗੜੇ ਤੋਂ ਇਲਾਵਾ ਬਾਬਿਆਂ ਦਾ “ਮਲਵਈ ਗਿੱਧਾ” , ਪੰਜਾਬ ਦਾ ਲੋਕ ਨਾਚ “ਝੂਮਰ” ਅਤੇ “ਮਾਂਵਾਂ ਦਾ ਗਿੱਧਾ” ਦੀ ਪੇਸ਼ਕਾਰੀ ਨੇ ਪੰਜਾਬੀ ਸੱਭਿਆਚਾਰ ਦੀ ਅਸਲ ਤਸਵੀਰ ਪੇਸ਼ ਕਰਦੇ ਹੋਏ ਰੂਬ ਰੰਗ ਬੰਨੇ। ਇਸੇ ਤਰਾਂ ਸਭ ਹਿੱਸਾ ਲੈਣ ਵਾਲੇ ਬੱਚਿਆਂ ਨੂੰ ਸਨਮਾਨ ਚਿੰਨ ਦਿੱਤੇ ਗਏ। ਇਨ੍ਹਾਂ ਮੁਕਾਬਲਿਆਂ ਵਿੱਚ ਪਹਿਲਾ ਸਥਾਨ “ਆਪਣਾ ਭੰਗੜਾ ਕਰੀਉ” ਸਿਆਟਲ, ਦੂਜਾ ਸਥਾਨ “ਰੰਗਲਾ ਪੰਜਾਬ ਆਰਟ ਅਕੈਡਮੀਂ” ਸਰੀ, ਕਨੇਡਾ ਅਤੇ ਤੀਜਾ ਸਥਾਨ “ਫਰਿਜ਼ਨੋ ਦੀ ਟੀਮ” ਦੇ ਹਿੱਸੇ ਆਇਆ।
ਸਮੁੱਚੇ ਪ੍ਰੋਗਰਾਮ ਦੌਰਾਨ ਸਟੇਜ਼ ਸੰਚਾਲਨ ਦੀ ਮੁੱਖ ਭੂਮਿਕਾ ਬੀਬੀ ਆਸ਼ਾ ਸ਼ਰਮਾਂ, ਗੁਰਦੀਪ ਸ਼ੇਰਗਿੱਲ ਅਤੇ ਜਸਪ੍ਰੀਤ ਸਿੱਘ ਸਿੱਧੂ ਨੇ ਨਾ-ਖੂਬੀ ਨਿਭਾਈ। ਜਦ ਕਿ ਅੰਤਰ-ਰਾਸ਼ਟਰੀ ਮੁਕਾਬਲਿਆਂ ਦੌਰਾਨ ਸਟੇਜ਼ ਸੰਚਾਲਨ ਖ਼ਾਸ ਤੌਰ ਤੇ ਕਨੇਡਾ ਤੋਂ ਆਏ ਗੁਰਬੀਰ ਸਿੰਘ ਨੇ ਕੀਤਾ। ਇਸ ਸਮੁੱਚੇ ਕਾਰਜ ਨੂੰ ਨੇਪਰੇ ਚਾੜਨ ਵਿੱਚ ਸਭ ਪ੍ਰਬੰਧਕ ਵਧਾਈ ਦੇ ਪਾਤਰ ਹਨ। ਜਿਸ ਤੋਂ ਸਭ ਹਾਜ਼ਰੀਨ ਬਹੁਤ ਖੁਸ਼ ਸਨ। ਅੱਜ ਦੇ ਸਮੇਂ ਅੰਦਰ ਬੱਚਿਆਂ ਨੂੰ ਘਰ ਦੀ ਚਾਰ ਦੀਵਾਰੀ ਤੋਂ ਬਾਹਰ ਕੱਢ ਵੀਡੀੳ ਗੇਮ ਵਰਗੀ ਆਦਤ ਤੋਂ ਦੂਰ ਕਰਨਾ ਅਤੇ ਆਪਣੇ ਸੱਭਿਆਚਾਰਕ ਵਿਰਸੇ ਅਤੇ ਧਰਮ ਨਾਲ ਜੋੜਨ ਦਾ ਇਹ ਇਕ ਪ੍ਰਬੰਧਕਾ ਦਾ ਬਹੁਤ ਵੱਡਾ ਉਪਰਾਲਾ ਹੈ। ਅੱਜ ਇਹ ਲੋੜ ਵੀ ਹੈ ਕਿ ਬੱਚੇ ਘਰ ਦੀ ਚਾਰ ਦੀਵਾਰੀ ਅੰਦਰ ਮਾਨਸਿਕ ਤਣਾਅ ਦਾ ਸ਼ਿਕਾਰ ਹੋ ਰਹੇ ਹਨ। ਉਨ੍ਹਾਂ ਬਾਹਰ ਬੱਚਿਆਂ ਵਿੱਚ ਲਿਆਉਣਾ ਅਤੇ ਆਪਣੇ ਸੱਭਿਆਚਾਰ ਨਾਲ ਜੋੜਨਾ, ਜਿੱਥੇ ਉਨ੍ਹਾਂ ਦੀ ਮਾਨਸਿਕਤਾ ਨੂੰ ਕਾਇਮ ਰੱਖਦਾ ਹੈ। ਉੱਥੇ ਉਨ੍ਹਾਂ ਵਿੱਚ ਤੰਦਰੁਸਤੀ ਅਤੇ ਸਵੈ-ਵਿਸ਼ਵਾਸ ਵੀ ਪੈਦਾ ਹੁੰਦਾ ਹੈ। ਪ੍ਰੋਗਰਾਮ ਦੌਰਾਨ “ਧਾਲੀਆਂ ਅਤੇ ਮਾਛੀਕੇ ਮੀਡੀਆ ਅਮਰੀਕਾ” ਦੀ ਟੀਮ ਨੂੰ ਵੀ ਸਮੁੱਚੇ ਭਾਈਚਾਰੇ ਅੰਦਰ ਵਲੰਟੀਅਰ ਸੇਵਾਵਾਂ ਦੇਣ ਬਦਲੇ ਸਨਮਾਨਿਤ ਕੀਤਾ ਗਿਆ। ਅੰਤ ਪ੍ਰਬੰਧਕਾਂ ਵੱਲੋਂ ਸਮੂੰਹ ਸਹਿਯੋਗੀਆਂ ਸਨਮਾਨ ਅਤੇ ਹਾਜ਼ਰੀਨ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ।
ਅਜਿਹੇ ਪ੍ਰੋਗਰਾਮ ਹੀ ਪੰਜਾਬੀ ਸੱਭਿਆਚਾਰ ਅਤੇ ਬੋਲੀ ਨੂੰ ਆਉਣ ਵਾਲੀਆ ਪੀੜੀਆਂ ਤੱਕ ਚੱਲਦੇ ਰੱਖਣ ਵਿੱਚ ਬਹੁਤ ਸਹਾਇਕ ਹੋਣਗੇ। ਇਸ ਸਮੁੱਚੇ ਕਾਰਜ ਲਈ ਪਰਮਜੀਤ ਸਿੰਘ ਧਾਲੀਵਾਲ, ਉਦੈਦੀਪ ਸਿੰਘ ਸਿੱਧੂ, ਗੁਰਦੀਪ ਸਿੰਘ ਸ਼ੇਰਗਿੱਲ ਅਤੇ ਸਮੂੰਹ ਪ੍ਰਬੰਧਕ ਵਧਾਈ ਦੇ ਪਾਤਰ ਹਨ। ਅੰਤ ਆਪਣੀਆਂ ਅਮਿੱਟ ਪੈੜਾ ਛੱਡਦਾ ਹੋਇਆ ਇਹ ਅੰਤਰ-ਰਾਸ਼ਟਰੀ ਯੁਵਕ ਮੇਲਾ ਯਾਦਗਾਰੀ ਹੋ ਨਿਬੜਿਆ।