ਨਵੀਂ ਦਿੱਲੀ, 2 ਸਤੰਬਰ
ਕੁਸ਼ਤੀ ਫੈਡਰੇਸ਼ਨ ਦੇ ਸਾਬਕਾ ਮੁਖੀ ਤੇ ਭਾਜਪਾ ਸੰਸਦ ਮੈਂਬਰ ਬ੍ਰਿਜ ਭੂਸ਼ਣ ਸ਼ਰਨ ਸਿੰਘ ’ਤੇ ਜਿਨਸੀ ਛੇੜਛਾੜ ਦੇ ਦੋਸ਼ ਲਾਉਣ ਵਾਲੀਆਂ ਛੇ ਮਹਿਲਾ ਪਹਿਲਵਾਨਾਂ ਨੇ ਅੱਜ ਦਿੱਲੀ ਦੀ ਅਦਾਲਤ ਵਿਚ ਕਿਹਾ ਕਿ ਉਨ੍ਹਾਂ ਵੱਲੋਂ ਬ੍ਰਿਜ ਭੂਸ਼ਣ ’ਤੇ ਲਾਏ ਇਲਜ਼ਾਮ, ਉਸ ’ਤੇ ਦੋਸ਼ ਆਇਦ ਕੀਤੇ ਜਾਣ ਦਾ ਆਧਾਰ ਹਨ।
ਸ਼ਿਕਾਇਤਕਰਤਾਵਾਂ ਨੇ ਇਹ ਟਿੱਪਣੀਆਂ ਅੱਜ ਵਧੀਕ ਮੁੱਖ ਮੈਟਰੋਪੌਲਿਟਨ ਮੈਜਿਸਟਰੇਟ ਦੀ ਅਦਾਲਤ ਵਿਚ ਦੋਸ਼ ਆਇਦ ਕਰਨ ’ਤੇ ਹੋਈ ਸੁਣਵਾਈ ਦੌਰਾਨ ਕੀਤੀਆਂ। ਪਹਿਲਵਾਨਾਂ ਵੱਲੋਂ ਪੇਸ਼ ਹੋਏ ਵਕੀਲ ਨੇ ਦਾਅਵਾ ਕੀਤਾ ਕਿ ਭਾਜਪਾ ਆਗੂ ਤੇ ਫੈਡਰੇਸ਼ਨ ਦੇ ਮੁਅੱਤਲ ਸਹਾਇਕ ਸਕੱਤਰ ਵਿਨੋਦ ਤੋਮਰ ਨੂੰ ਜਾਂਚ ਕਮੇਟੀ ਨੇ ਕਦੇ ਵੀ ਦੋਸ਼ ਮੁਕਤ ਨਹੀਂ ਕੀਤਾ। ਉਨ੍ਹਾਂ ਨਾਲ ਹੀ ਕਿਹਾ ਕਿ ਇਹ ਕਮੇਟੀ ਮਾਮਲੇ ਨਾਲ ਜੁੜੀਆਂ ‘ਲੋਕਾਂ ਦੀਆਂ ਭਾਵਨਾਵਾਂ ਦੇ ਪ੍ਰਭਾਵ’ ਨੂੰ ਅਸਰਹੀਣ ਕਰਨ ਲਈ ਬਣਾਈ ਗਈ ਸੀ। ਸੀਨੀਅਰ ਵਕੀਲ ਰੇਬੈਕਾ ਜੌਹਨ ਨੇ ਕਿਹਾ, ‘ਐਫਆਈਆਰ ਵਿਚ ਲੱਗੇ ਦੋਸ਼ ਜੋ ਮਗਰੋਂ ਚਾਰਜਸ਼ੀਟ ਵਿਚ ਤਬਦੀਲ ਹੋਏ, ਤੇ ਜਿਸ ਦਾ ਅਦਾਲਤ ਨੇ ਵੀ ਨੋਟਿਸ ਲਿਆ, ਇਸ ਕਿਸਮ ਦੇ ਹਨ ਜੋ ਮੁਲਜ਼ਮਾਂ ਵਿਰੁੱਧ ਦੋਸ਼ ਆਇਦ ਕੀਤੇ ਜਾਣ ਨੂੰ ਜ਼ਰੂਰੀ ਬਣਾਉਂਦੇ ਹਨ। ਵਕੀਲ ਨੇ ਦਾਅਵਾ ਕੀਤਾ ਕਿ ‘ਓਵਰਸਾਈਟ ਕਮੇਟੀ’ ਜਿਨਸੀ ਛੇੜਛਾੜ ਰੋਕਥਾਮ ਐਕਟ ਦੇ ਨੇਮਾਂ ਮੁਤਾਬਕ ਨਹੀਂ ਬਣੀ ਸੀ। ਜ਼ਿਕਰਯੋਗ ਹੈ ਕਿ ਇਸ ਕਮੇਟੀ ਦੀ ਅਗਵਾਈ ਚੈਂਪੀਅਨ ਮੁੱਕੇਬਾਜ਼ ਐਮਸੀ ਮੈਰੀਕੋਮ ਨੇ ਕੀਤੀ ਸੀ। ਸ਼ਿਕਾਇਤਕਰਤਾਵਾਂ ਨੇ ਕਿਹਾ ਕਿ ‘ਇਸ ਕਮੇਟੀ ਦੀ ਰਿਪੋਰਟ ਨੂੰ ਰੱਦੀ ਵਿਚ ਸੁੱਟਣਾ ਚਾਹੀਦਾ ਹੈ, ਇਹ ਸਿਰਫ਼ ਮਾਮਲੇ ਨਾਲ ਭਾਵਨਾਵਾਂ ਦੇ ਜੁੜਾਅ ਨੂੰ ਘੱਟ ਕਰਨ ਲਈ ਬਣਾਈ ਗਈ ਸੀ। ਕਮੇਟੀ ਨੇ ਮਾਮਲੇ ਵਿਚੋਂ ਕੁਝ ਨਹੀਂ ਲੱਭਿਆ ਤੇ ਸਿਰਫ਼ ਸਿਫਾਰਿਸ਼ਾਂ ਕੀਤੀਆਂ।’ ਮਾਮਲੇ ਦੀ ਅਗਲੀ ਸੁਣਵਾਈ ਹੁਣ 16 ਸਤੰਬਰ ਨੂੰ ਹੋਵੇਗੀ। ਇਸ ਮਾਮਲੇ ਵਿਚ ਬ੍ਰਿਜ ਭੂਸ਼ਣ ਤੇ ਤੋਮਰ ਨੂੰ 20 ਜੁਲਾਈ ਨੂੰ ਜ਼ਮਾਨਤ ਮਿਲੀ ਸੀ।