ਪੇਈਚਿੰਗ, 9 ਨਵੰਬਰ
ਚੀਨ ਦੀ ਹੁਕਮਰਾਨ ਕਮਿਊਨਿਸਟ ਪਾਰਟੀ ਦੇ ਅਗਲੇ ਹਫ਼ਤੇ ਹੋਣ ਵਾਲੇ ਇਕ ਅਹਿਮ ਸੰਮੇਲਨ ’ਚ 100 ਸਾਲ ਪੁਰਾਣੀ ਪਾਰਟੀ ਦੇ ਇਤਿਹਾਸਕ ਤਜਰਬੇ ਦੇ ਨਾਲ ਪ੍ਰਾਪਤੀਆਂ ਬਾਰੇ ਇਕ ਮਤਾ ਪਾਸ ਕੀਤਾ ਜਾ ਸਕਦਾ ਹੈ ਅਤੇ ਰਾਸ਼ਟਰਪਤੀ ਸ਼ੀ ਜਿਨਪਿੰਗ ਦੇ ਤੀਜੇ ਕਾਰਜਕਾਲ ਲਈ ਰਾਹ ਪੱਧਰਾ ਹੋ ਸਕਦਾ ਹੈ। ਸ਼ੀ (68) ਇਸ ਸਮੇਂ ਕਮਿਊਨਿਸਟ ਪਾਰਟੀ ਆਫ਼ ਚੀਨ ਦੇ ਜਨਰਲ ਸਕੱਤਰ, ਤਾਕਤਵਰ ਸੈਂਟਰਲ ਮਿਲਟਰੀ ਕਮਿਸ਼ਨ ਦੇ ਚੇਅਰਮੈਨ ਅਤੇ ਰਾਸ਼ਟਰਪਤੀ ਸਮੇਤ ਤਿੰਨ ਅਹਿਮ ਅਹੁਦਿਆਂ ’ਤੇ ਤਾਇਨਾਤ ਹਨ। ਉਹ ਸੋਮਵਾਰ ਨੂੰ ਪਾਰਟੀ ਦੇ ਅਤਿ-ਮਹੱਤਵਪੂਰਨ ਸੰਮੇਲਨ ’ਚ ਸ਼ਾਮਲ ਹੋਣਗੇ। ਸਰਕਾਰੀ ਖ਼ਬਰ ਏਜੰਸੀ ਸਿਨਹੁਆ ਨੇ ਲੰਬੇ-ਚੌੜੇ ਬਿਆਨ ’ਚ ਕਿਹਾ ਕਿ ਅਹਿਮ ਸੰਮੇਲਨ ਦੌਰਾਨ ਇਕ ਇਤਿਹਾਸਕ ਦਸਤਾਵੇਜ਼ ਪੇਸ਼ ਕੀਤਾ ਜਾਵੇਗਾ ਜਿਸ ’ਚ ਸੀਪੀਸੀ ਦੇ 100 ਸਾਲਾਂ ਦੀਆਂ ਅਹਿਮ ਪ੍ਰਾਪਤੀਆਂ ਅਤੇ ਇਤਿਹਾਸਕ ਤਜਰਬਿਆਂ ਬਾਰੇ ਮਤਾ ਹੋਵੇਗਾ। ਸੀਪੀਸੀ ਦਾ 8 ਤੋਂ 11 ਨਵੰਬਰ ਤੱਕ ਇਜਲਾਸ ਹੋਵੇਗਾ। ਸਿਆਸਤ ਪੱਖੋਂ ਸ਼ੀ ਜਿਨਪਿੰਗ ਲਈ ਇਹ ਸੰਮੇਲਨ ਅਹਿਮ ਹੈ ਜੋ ਸੱਤਾ ’ਚ ਆਪਣੇ 10 ਸਾਲ ਦੇ ਕਾਰਜਕਾਲ ਦੌਰਾਨ ਮਾਓ ਜ਼ੇ ਤੁੰਗ ਤੋਂ ਬਾਅਦ ਸਭ ਤੋਂ ਤਾਕਤਵਰ ਆਗੂ ਬਣ ਕੇ ਉੱਭਰੇ ਹਨ। ਸ਼ੀ ਤੋਂ ਪਹਿਲਾਂ ਰਹੇ ਸਾਰੇ ਰਾਸ਼ਟਰਪਤੀ ਪੰਜ ਸਾਲ ਦੇ ਦੋ-ਦੋ ਕਾਰਜਕਾਲਾਂ ਜਾਂ 68 ਸਾਲ ਦੀ ਉਮਰ ਦੇ ਲਾਜ਼ਮੀ ਨਿਯਮ ਮਗਰੋਂ ਸੇਵਾਮੁਕਤ ਹੋ ਚੁੱਕੇ ਹਨ। ਉਂਜ 2018 ’ਚ ਸੰਵਿਧਾਨ ’ਚ ਕੀਤੀ ਗਈ ਸੋਧ ਕਰਕੇ ਸ਼ੀ ਨੂੰ ਤੀਜੇ ਕਾਰਜਕਾਲ ਲਈ ਚੁਣੇ ਜਾਣ ਦੀ ਸੰਭਾਵਨਾ ਹੈ।