ਅੰਮ੍ਰਿਤਸਰ, 23 ਅਕਤੂਬਰ
ਪੰਜਾਬ ਪੁਲੀਸ ਨੇ ਜਾਸੂਸੀ ਰੈਕੇਟ ਦਾ ਪਰਦਾਫਾਸ਼ ਕਰਦਿਆਂ ਭਾਰਤੀ ਫੌਜ ਦੇ ਇਕ ਜਵਾਨ ਨੂੰ ਗ੍ਰਿਫ਼ਤਾਰ ਕੀਤਾ ਹੈ। ਉਹ ਸੋਸ਼ਲ ਮੀਡੀਆ ਰਾਹੀਂ ਪਾਕਿਸਤਾਨ ਦੇ ਆਈਐੱਸਆਈ ਏਜੰਟਾਂ ਦੇ ਸੰਪਰਕ ਵਿੱਚ ਸੀ ਤੇ ਭਾਰਤੀ ਫੌਜ ਨਾਲ ਸਬੰਧਤ ਖੁਫ਼ੀਆ ਤੇ ਸੰਵੇਦਨਸ਼ੀਲ ਜਾਣਕਾਰੀ ਇਨ੍ਹਾਂ ਏਜੰਟਾਂ ਨੂੰ ਦਿੰਦਾ ਸੀ। ਗ੍ਰਿਫ਼ਤਾਰ ਕੀਤੇ ਗਏ ਜਵਾਨ ਦੀ ਪਛਾਣ ਕਰੁਨਲ ਕੁਮਾਰ ਬਾਰੀਆ ਵਾਸੀ ਧਾਮਨੋਡ (ਗੁਜਰਾਤ) ਵਜੋਂ ਹੋਈ ਹੈ। ਮੌਜੂਦਾ ਸਮੇਂ ਉਹ ਫਿਰੋਜ਼ਪੁਰ ਕੈਂਟ ਵਿੱਚ ਤਾਇਨਾਤ ਸੀੇ। ਉਸ ਨੂੰ ਗ੍ਰਿਫ਼ਤਾਰ ਕਰਨ ਦੀ ਕਾਰਵਾਈ ਸਟੇਟ ਸਪੈਸ਼ਲ ਅਪਰੇਸ਼ਨਜ਼ ਸੈੱਲ ਅੰਮ੍ਰਿਤਸਰ ਵੱਲੋਂ ਨੇਪਰੇ ਚਾੜ੍ਹੀ ਗਈ ਹੈ। ਉਹ ਫੌਜ ਦੇ ਆਈਟੀ ਸੈੱਲ ਵਿੱਚ ਡਿਊਟੀ ਨਿਭਾਉਂਦਾ ਸੀ ਤੇ ਆਪਣੀ ਤਾਇਨਾਤੀ ਦਾ ਫਾਇਦਾ ਉਠਾ ਕੇ ਪਾਕਿਸਤਾਨੀ ਏਜੰਟਾਂ ਨੂੰ ਭਾਰਤੀ ਫੌਜ ਬਾਰੇ ਸੰਵੇਦਨਸ਼ੀਲ ਜਾਣਕਾਰੀ ਮੁਹੱਈਆ ਕਰਵਾਉਂਦਾ ਸੀ। ਇਸ ਬਦਲੇ ਪਾਕਿਸਤਾਨੀ ਏਜੰਸੀਆਂ ਵੱਲੋਂ ਉਸ ਨੂੰ ਭੁਗਤਾਨ ਵੀ ਕੀਤਾ ਜਾਂਦਾ ਸੀ। ਕੇਸ ਦੀ ਮੁੱਢਲੀ ਛਾਣਬੀਨ ਦੌਰਾਨ ਖੁਲਾਸਾ ਹੋਇਆ ਕਿ ਕਾਬੂ ਕੀਤਾ ਮੁਲਜ਼ਮ ਪਾਕਿਸਤਾਨੀ ਮਹਿਲਾ ਖੁਫੀਆ ਅਧਿਕਾਰੀ ਸਿਦਰਾ ਖਾਨ ਦੇ ਸੰਪਰਕ ਵਿੱਚ ਵਰ੍ਹਾ 2020 ਵਿੱਚ ਫੈਸਬੁੱਕ ਰਾਹੀਂ ਆਇਆ ਸੀ। ਇਸ ਮਗਰੋਂ ਉਸ ਨੇ ਵਾਟਸਐਪ ਰਾਹੀਂ ਵੀ ਉਸ ਨੂੰ ਸੁਨੇਹੇ ਭੇਜਣੇ ਸ਼ੁਰੂ ਕਰ ਦਿੱਤੇ ਤੇ ਫੋਨ ਰਾਹੀਂ ਵੀ ਸੰਪਰਕ ਕੀਤਾ। ਇਸ ਪਾਕਿਸਤਾਨੀ ਮਹਿਲਾ ਅਧਿਕਾਰੀ ਨੇ ਮੁਲਜ਼ਮ ਕਰੁਨਲ ਕੁਮਾਰ ਬਾਰੀਆ ਨੂੰ ਆਈਐੱਸਆਈ ਲਈ ਕੰਮ ਕਰਨ ਲਈ ਲਾਲਚ ਦਿੱਤਾ। ਪੁਲੀਸ ਵੱਲੋਂ ਜਦੋਂ ਕਰੁਨਲ ਕੁਮਾਰ ਬਾਰੀਆ ਦੇ ਮੋਬਾਈਲ ਫੋਨ ਦੀ ਜਾਂਚ ਕੀਤੀ ਗਈ ਤਾਂ ਉਸ ਵਿੱਚੋਂ ਫੌਜ ਦੇ ਕਈ ਕਲਾਸੀਫਾਈਡ ਦਸਤਾਵੇਜ਼ਾਂ ਦੀਆਂ ਕਾਪੀਆਂ ਮਿਲੀਆਂ। ਉਸ ਦੇ ਖ਼ਿਲਾਫ਼ ਆਫਿਸ਼ੀਅਲ ਸੀਕਰੇਟ ਐਕਟ ਸਣੇ ਕਈ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ। ਮੁਲਜ਼ਮ ਦੀ ਗ੍ਰਿਫ਼ਤਾਰੀ ਬਾਰੇ ਫੌਜ ਨੂੰ ਸੂਚਿਤ ਕਰ ਦਿੱਤਾ ਗਿਆ ਹੈ।