ਯੂਟਿਊਬਰ ਜਸਬੀਰ ਸਿੰਘ, ਜਿਸ ਨੂੰ ਪਾਕਿਸਤਾਨ ਲਈ ਜਾਸੂਸੀ ਦੇ ਦੋਸ਼ ਵਿੱਚ ਪੰਜਾਬ ਪੁਲਿਸ ਨੇ ਗ੍ਰਿਫਤਾਰ ਕੀਤਾ ਸੀ, ਦਾ 3 ਦਿਨ ਦਾ ਪੁਲਿਸ ਰਿਮਾਂਡ ਪੂਰਾ ਹੋ ਗਿਆ। ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ (SSOC) ਨੇ ਉਸ ਨੂੰ ਅੱਜ ਮੋਹਾਲੀ ਅਦਾਲਤ ਵਿੱਚ ਪੇਸ਼ ਕੀਤਾ, ਜਿੱਥੇ ਅਦਾਲਤ ਨੇ ਜਸਬੀਰ ਨੂੰ 2 ਦਿਨ ਦੇ ਹੋਰ ਰਿਮਾਂਡ ‘ਤੇ ਭੇਜ ਦਿੱਤਾ।

ਪੁਲਿਸ ਨੇ ਦਲੀਲ ਦਿੱਤੀ ਕਿ ਜਸਬੀਰ ਦੀ ਜਾਣਕਾਰੀ ਦੇ ਆਧਾਰ ‘ਤੇ ਹੋਰ ਸਬੂਤ ਅਤੇ ਸੰਪਰਕ ਵਿੱਚ ਰਹੇ ਲੋਕਾਂ ਦੀ ਜਾਣਕਾਰੀ ਇਕੱਠੀ ਕਰਨੀ ਜ਼ਰੂਰੀ ਹੈ। ਜਸਬੀਰ, ਜੋ ਰੋਪੜ ਦੇ ਪਿੰਡ ਮਹਾਲਾਂ ਦਾ ਵਸਨੀਕ ਹੈ, 6 ਵਾਰ ਪਾਕਿਸਤਾਨ ਜਾ ਚੁੱਕਾ ਹੈ। ਸਰਕਾਰੀ ਵਕੀਲ ਮੁਤਾਬਕ, ਦਾਨਿਸ਼ ਨੇ ਜਸਬੀਰ ਦੀ ISI ਏਜੰਟ ਨਾਲ ਮੁਲਾਕਾਤ ਕਰਵਾਈ ਸੀ, ਜਿਸ ਬਾਰੇ ਪੁੱਛਗਿੱਛ ਜਾਰੀ ਰਹੇਗੀ।

ਜਾਂਚ ਵਿੱਚ ਪਤਾ ਲੱਗਾ ਕਿ ਜਸਬੀਰ ISI ਏਜੰਟ ਸ਼ਾਕਿਰ ਉਰਫ਼ ਜੱਟ ਰੰਧਾਵਾ, ਹਰਿਆਣਾ ਦੀ ਗ੍ਰਿਫਤਾਰ ਯੂਟਿਊਬਰ ਜੋਤੀ ਮਲਹੋਤਰਾ, ਅਤੇ ਪਾਕਿਸਤਾਨੀ ਹਾਈ ਕਮਿਸ਼ਨ ਦੇ ਸਾਬਕਾ ਅਧਿਕਾਰੀ ਅਹਿਸਾਨ-ਉਰ-ਰਹੀਮ ਉਰਫ਼ ਦਾਨਿਸ਼ ਨਾਲ ਸੰਪਰਕ ਵਿੱਚ ਸੀ। SSOC ਦੇ ਡੀਐਸਪੀ ਪਵਨ ਸ਼ਰਮਾ ਨੇ ਦੱਸਿਆ ਕਿ ਜਸਬੀਰ ਖਿਲਾਫ ਮੋਹਾਲੀ ਵਿੱਚ ਕੇਸ ਦਰਜ ਹੈ, ਅਤੇ ਉਸ ਨੂੰ ਪਹਿਲਾਂ ਬੁੱਧਵਾਰ ਨੂੰ 3 ਦਿਨ ਦੇ ਰਿਮਾਂਡ ‘ਤੇ ਲਿਆ ਗਿਆ ਸੀ।