ਡੋਰਲ : ਜਾਰਡਨ ਸਰਕਾਰ ਨੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਮਿਸਰ ਅਤੇ ਜਾਰਡਨ ’ਤੇ ਗਾਜ਼ਾ ਤੋਂ ਵੱਡੀ ਗਿਣਤੀ ’ਚ ਫਲਸਤੀਨੀ ਸ਼ਰਨਾਰਥੀਆਂ ਨੂੰ ਵਾਪਸ ਲੈਣ ਦੇ ਦਬਾਅ ਦਾ ਵਿਰੋਧ ਕੀਤਾ ਹੈ। ਟਰੰਪ ਨੇ ਸਨਿਚਰਵਾਰ ਨੂੰ ਏਅਰ ਫੋਰਸ ਵਨ ’ਚ ਪੱਤਰਕਾਰਾਂ ਨੂੰ ਦਸਿਆ ਕਿ ਉਨ੍ਹਾਂ ਨੇ ਜਾਰਡਨ ਦੇ ਸ਼ਾਹ ਅਬਦੁੱਲਾ-2 ਨਾਲ ਫੋਨ ’ਤੇ ਅਪਣੇ ਰੁਖ ’ਤੇ ਚਰਚਾ ਕੀਤੀ ਅਤੇ ਉਹ ਐਤਵਾਰ ਨੂੰ ਮਿਸਰ ਦੇ ਰਾਸ਼ਟਰਪਤੀ ਅਬਦੇਲ ਫਤਾਹ ਅਲ-ਸੀਸੀ ਨਾਲ ਗੱਲ ਕਰਨਗੇ।

ਟਰੰਪ ਨੇ ਕਿਹਾ, ‘‘ਮੈਂ ਚਾਹੁੰਦਾ ਹਾਂ ਕਿ ਉਹ ਵੱਧ ਤੋਂ ਵੱਧ ਲੋਕਾਂ ਨੂੰ ਮਨਜ਼ੂਰ ਕਰਨ। ਤੁਸੀਂ 15 ਲੱਖ ਲੋਕਾਂ ਬਾਰੇ ਗੱਲ ਕਰ ਸਕਦੇ ਹੋ, ਪਰ ਅਸੀਂ ਚਾਹੁੰਦੇ ਹਾਂ ਕਿ ਪੂਰੇ ਖੇਤਰ ਨੂੰ ਸਾਫ਼ ਕੀਤਾ ਜਾਵੇ ਅਤੇ ਅਸੀਂ ਕਹਿ ਸਕਦੇ ਹਾਂ ਕਿ ਜੰਗ ਖਤਮ ਹੋ ਗਿਆ ਹੈ।’’ ਟਰੰਪ ਨੇ ਕਿਹਾ ਕਿ ਉਹ ਚਾਹੁੰਦੇ ਹਨ ਕਿ ‘‘ਮਿਸਰ ਲੋਕਾਂ ਨੂੰ ਲੈ ਕੇ ਜਾਵੇ ਅਤੇ ਮੈਂ ਚਾਹੁੰਦਾ ਹਾਂ ਕਿ ਜਾਰਡਨ ਵੀ ਲੋਕਾਂ ਨੂੰ ਲੈ ਜਾਵੇ।’’

ਮਿਸਰ ਅਤੇ ਜਾਰਡਨ ਦੇ ਨਾਲ ਫਲਸਤੀਨੀਆਂ ਨੂੰ ਚਿੰਤਾ ਹੈ ਕਿ ਇਜ਼ਰਾਈਲ ਉਨ੍ਹਾਂ ਦੇ ਜਾਣ ਤੋਂ ਬਾਅਦ ਉਨ੍ਹਾਂ ਨੂੰ ਗਾਜ਼ਾ ਵਾਪਸ ਨਹੀਂ ਆਉਣ ਦੇਵੇਗਾ। ਮਿਸਰ ਅਤੇ ਜਾਰਡਨ ਦੋਹਾਂ ਦੀਆਂ ਅਰਥਵਿਵਸਥਾਵਾਂ ਲਗਾਤਾਰ ਸੰਘਰਸ਼ ਕਰ ਰਹੀਆਂ ਹਨ। ਉਨ੍ਹਾਂ ਦੀਆਂ ਸਰਕਾਰਾਂ ਅਤੇ ਹੋਰ ਅਰਬ ਦੇਸ਼ਾਂ ਨੂੰ ਡਰ ਹੈ ਕਿ ਸ਼ਰਨਾਰਥੀਆਂ ਦੀ ਵੱਡੀ ਆਮਦ ਨਾਲ ਉਨ੍ਹਾਂ ਦੇ ਅਪਣੇ ਦੇਸ਼ ਅਤੇ ਖੇਤਰ ਵਿਚ ਭਾਰੀ ਅਸਥਿਰਤਾ ਪੈਦਾ ਹੋ ਸਕਦੀ ਹੈ।

ਜਾਰਡਨ ਪਹਿਲਾਂ ਹੀ 20 ਲੱਖ ਤੋਂ ਵੱਧ ਫਲਸਤੀਨੀ ਸ਼ਰਨਾਰਥੀਆਂ ਦਾ ਘਰ ਹੈ। ਮਿਸਰ ਨੇ ਗਾਜ਼ਾ ਦੀ ਸਰਹੱਦ ਨਾਲ ਲਗਦੇ ਮਿਸਰ ਦੇ ਸਿਨਾਈ ਪ੍ਰਾਇਦੀਪ ਵਿਚ ਵੱਡੀ ਗਿਣਤੀ ਵਿਚ ਫਲਸਤੀਨੀਆਂ ਨੂੰ ਤਬਦੀਲ ਕਰਨ ਦੇ ਸੁਰੱਖਿਆ ਪ੍ਰਭਾਵਾਂ ਬਾਰੇ ਚੇਤਾਵਨੀ ਦਿਤੀ ਹੈ। ਟਰੰਪ ਨੇ ਸਨਿਚਰਵਾਰ ਨੂੰ ਕਿਹਾ ਕਿ ਉਹ ਜਾਰਡਨ, ਮਿਸਰ ਅਤੇ ਹੋਰ ਅਰਬ ਦੇਸ਼ਾਂ ਨੂੰ ਅਪੀਲ ਕਰਦੇ ਹਨ ਕਿ ਉਹ ਗਾਜ਼ਾ ਪੱਟੀ ਤੋਂ ਵੱਧ ਤੋਂ ਵੱਧ ਫਲਸਤੀਨੀ ਸ਼ਰਨਾਰਥੀਆਂ ਨੂੰ ਮਨਜ਼ੂਰ ਕਰਨ ਤਾਂ ਜੋ ਜੰਗ ਗ੍ਰਸਤ ਖੇਤਰ ਦੇ ਵੱਧ ਤੋਂ ਵੱਧ ਲੋਕਾਂ ਦੀ ਮਦਦ ਕੀਤੀ ਜਾ ਸਕੇ।
ਟਰੰਪ ਨੇ ਸੁਝਾਅ ਦਿਤਾ ਕਿ ਗਾਜ਼ਾ ਦੀ 23 ਲੱਖ ਆਬਾਦੀ ਵਿਚੋਂ ਜ਼ਿਆਦਾਤਰ ਦਾ ਮੁੜ ਵਸੇਬਾ ਅਸਥਾਈ ਜਾਂ ਲੰਮੇ ਸਮੇਂ ਲਈ ਹੋ ਸਕਦਾ ਹੈ। ਜਾਰਡਨ ਦੇ ਵਿਦੇਸ਼ ਮੰਤਰੀ ਅਯਮਾਨ ਸਫਾਦੀ ਨੇ ਐਤਵਾਰ ਨੂੰ ਕਿਹਾ ਕਿ ਟਰੰਪ ਵਲੋਂ ਪ੍ਰਸਤਾਵਿਤ ਵਿਚਾਰ ਦਾ ਉਨ੍ਹਾਂ ਦੇ ਦੇਸ਼ ਦਾ ਵਿਰੋਧ ਦ੍ਰਿੜ ਅਤੇ ਅਟੱਲ ਹੈ। ਇਹ ਵਿਚਾਰ ਜੰਗ ਦੀ ਸ਼ੁਰੂਆਤ ’ਚ ਕੁੱਝ ਇਜ਼ਰਾਈਲੀ ਅਧਿਕਾਰੀਆਂ ਵਲੋਂ ਚੁਣਿਆ ਗਿਆ ਸੀ। ਅਮਰੀਕੀ ਸੰਸਦ ਵਿਚ ਟਰੰਪ ਦੇ ਇਕ ਸਹਿਯੋਗੀ ਨੇ ਵੀ ਉਨ੍ਹਾਂ ਦੇ ਵਿਚਾਰਾਂ ’ਤੇ ਹੈਰਾਨੀ ਜ਼ਾਹਰ ਕੀਤੀ।