ਕਾਲਾ-ਸੰਘਿਆਂ (ਕਪੂਰਥਲਾ)-ਆਪਣੀ ਪਤਨੀ ਦੇ ਕਥਿਤ ਨਾਜਾਇਜ਼ ਸਬੰਧਾਂ ਤੋਂ ਦੁਖੀ ਹੋ ਕੇ ਇੱਕ ਐੱਨਆਰਆਈ ਨੇ ਆਪਣੀ ਪਤਨੀ ਤੇ ਦੋ ਬੱਚਿਆਂ ਸਮੇਤ ਖ਼ੁਦ ਨੂੰ ਅੱਗ ਲਾ ਕੇ ਸਾਰੇ ਚਾਰ ਜਣਿਆਂ ਦੀ ਜੀਵਨ-ਲੀਲਾ ਖ਼ਤਮ ਕਰ ਦਿੱਤੀ।
35 ਸਾਲਾ ਕੁਲਵਿੰਦਰ ਸਿੰਘ ਜਾਰਡਨ `ਚ ਰਹਿ ਰਿਹਾ ਸੀ। ਉਸ ਨੇ ਜਦੋਂ ਆਪਣੀ ਪਤਨੀ ਦੀ ਇੱਕ ਇਤਰਾਜ਼ਯੋਗ ਵਿਡੀਓ ਵੇਖੀ, ਤਾਂ ਉਹ ਰੋਹ `ਚ ਆ ਗਿਆ।
ਉਹ ਬੁੱਧਵਾਰ ਦੀ ਰਾਤ ਨੂੰ ਆਪਣੇ ਜੱਦੀ ਪਿੰਡ ਕਾਲਾ-ਸੰਘਿਆਂ ਪੁੱਜਾ ਤੇ ਖ਼ੁਦ ਸਮੇਤ ਆਪਣੀ ਪਤਨੀ ਤੇ ਆਪਣੇ ਦੋ ਨਾਬਾਲਗ਼ ਬੱਚਿਆਂ `ਤੇ ਪੈਟਰੋਲ ਛਿੜਕ ਕੇ ਸਭ ਨੂੰ ਅੱਗ ਲਾ ਦਿੱਤੀ।
ਕੁਲਵਿੰਦਰ ਸਿੰਘ ਤੇ ਉਸ ਦੇ ਦੋ ਬੱਚੇ ਅਭੀ (5) ਅਤੇ ਸੋਨਲ (8) ਤਾਂ ਮੌਕੇ `ਤੇ ਹੀ ਮਾਰੇ ਗਏ, ਜਦ ਕਿ ਉਸ ਦੀ ਪਤਨੀ 80 ਫ਼ੀ ਸਦੀ ਸੜ ਗਈ ਸੀ। ਉਸ ਨੂੰ ਹਸਪਤਾਲ ਲਿਜਾਂਦਾ ਗਿਆ ਪਰ ਉਹ ਉੱਥੇ ਦਮ ਤੋੜ ਗਈ।
ਪੁਲਿਸ ਨੇ ਕਾਲਾ-ਸੰਘਿਆਂ ਦੇ ਹੀ ਚਾਰ ਜਣਿਆਂ ਖਿ਼ਲਾਫ਼ ਕੇਸ ਦਰਜ ਕਰ ਲਿਆ ਹੈ; ਉਨ੍ਹਾਂ ਨੇ ਤਿੰਨ ਮਹੀਨੇ ਪਹਿਲਾਂ ਕੁਲਵਿੰਦਰ ਸਿੰਘ ਦੀ ਪਤਨੀ ਦੀ ਵਿਡੀਓ ਬਣਾਈ ਸੀ। ਮੁਲਜ਼ਮਾਂ ਨੇ ਕੁਲਵਿੰਦਰ ਦੀ ਪਤਨੀ ਨੂੰ ਬਲੈਕਮੇਲ ਵੀ ਕੀਤਾ ਸੀ ਤੇ ਬਾਅਦ `ਚ ਉਸ ਦੀ ਵਿਡੀਓ ਉਸ ਦੇ ਪਤੀ ਨੂੰ ਵੀ ਭੇਜ ਦਿੱਤੀ ਸੀ।
ਕਥਿਤ ਮੁਲਜ਼ਮਾਂ ਦੀ ਸ਼ਨਾਖ਼ਤ ਬਲਕਾਰ ਸਿੰਘ, ਗੁਰਪ੍ਰੀਤ ਸਿੰਘ ਉਰਫ਼ ਸੰਨੀ, ਸੱਤਿਆ ਦੇਵੀ ਤੇ ਤੀਰਥ ਸਿੰਘ ਵਜੋਂ ਹੋਈ ਹੈ।