ਨਵੀਂ ਦਿੱਲੀ,19 ਅਪਰੈਲ
ਪੰਜਾਬ ਮੰਤਰੀ ਮੰਡਲ ਵਿੱਚ ਵਾਧੇ ਦਾ ਦਿਨ ਨੇੜੇ ਆ ਗਿਆ ਹੈ, ਭਲਕੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਵਿਚਕਾਰ ਮੀਟਿੰਗ ਦੌਰਾਨ ਇਸ ਬਾਰੇ ਅੰਤਿਮ ਵਿਚਾਰ ਵਟਾਂਦਰਾ ਹੋਵੇਗਾ ਅਤੇ ਮੰਤਰੀ ਬਣਨ ਦੇ ਚਾਹਵਾਨ ਵੀ ਪਹਿਲਾਂ ਹੀ ਦਿੱਲੀ ਵਿੱਚ ਡੇਰੇ ਲਾ ਚੁੱਕੇ ਹਨ। ਇਸ ਮੀਟਿੰਗ ਵਿੱਚ ਪੰਜਾਬ ਕਾਂਗਰਸ ਮਾਮਲਿਆਂ ਦੀ ਇੰਚਾਰਜ ਆਸ਼ਾ ਕੁਮਾਰੀ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਵੀ ਹਾਜ਼ਰ ਰਹਿਣਗੇ। ਪੰਜਾਬ ਮੰਤਰੀ ਮੰਡਲ ਵਿੱਚ ਵਾਧਾ ਲੰਬੇ ਸਮੇਂ ਤੋਂ ਅੱਗੇ ਪੈਂਦਾ ਆ ਰਿਹਾ ਹੈ, ਪਹਿਲਾ ਕਿਹਾ ਜਾਂਦਾ ਰਿਹਾ ਹੈ ਕਿ ਵਾਧਾ ਲੁਧਿਆਣਾ ਮਿਉਂਸਪਲ ਚੋਣਾਂ ਤੋਂ ਬਾਅਦ ਹੋਵੇਗਾ ਪਰ ਕਿਸੇ ਨਾ ਕਿਸੇ ਕਾਰਨ ਫਿਰ ਅੱਗੇ  ਪੈ ਜਾਂਦਾ ਰਿਹਾ ਹੈ। ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰੰਘ ਦੇ ਅਸਤੀਫ਼ੇ ਤੋਂ ਬਾਅਦ ਮੰਤਰੀ ਮੰਡਲ ਵਿੱਚ ਵਾਧੇ ਦੀ ਚਰਚਾ ਸ਼ੁਰੂ ਹੋ ਗਈ ਸੀ। ਇਸ ਤੋਂ ਇਲਾਵਾ ਮੰਤਰੀ ਮੰਡਲ ਵਿੱਚ ਵਾਧੇ ਨਾਲ ਸੂਬੇ ਦੇ ਵਿੱਚ ਹੋਰ ਧਿਰਾਂ ਨੂੰ ਪ੍ਰਤੀਨਿਧਤਾ ਦੇਣ ਦਾ ਮੁੱਦਾ ਵੀ ਹੈ। ਇਹ ਵੀ ਸਮਝਿਆ ਜਾ ਰਿਹਾ ਹੈ ਕਿ ਮੰਤਰੀ ਮੰਡਲ ਵਿੱਚ ਵਾਧੇ ਮੌਕੇ ਕੈਪਟਨ ਅਤੇ ਰਾਹੁਲ ਗਾਂਧੀ ਨੌਜਵਾਨ ਵਿਧਾਇਕਾਂ ਨੂੰ ਵੀ ਵਜ਼ੀਰੀਆਂ ਸੌਂਪ ਸਕਦੇ ਹਨ।