ਜਾਪਾਨ ਵਿੱਚ ਇਤਿਹਾਸ ਰਚਿਆ ਗਿਆ ਹੈ। ਦੇਸ਼ ਨੂੰ ਉਸ ਦੀ ਪਹਿਲੀ ਮਹਿਲਾ ਪ੍ਰਧਾਨ ਮੰਤਰੀ ਮਿਲ ਗਈ ਹੈ। ਮੰਗਲਵਾਰ ਨੂੰ ਜਾਪਾਨ ਦੀ ਹੇਠਲੀ ਸਦਨ ਨੇ ਸਾਨੇ ਤਕਾਇਚੀ ਨੂੰ ਦੇਸ਼ ਦੀ ਪਹਿਲੀ ਮਹਿਲਾ ਪ੍ਰਧਾਨ ਮੰਤਰੀ ਵਜੋਂ ਚੁਣਿਆ। ਇਹ ਪਲ ਜਾਪਾਨ ਦੇ ਸਿਆਸੀ ਇਤਿਹਾਸ ਵਿੱਚ ਇੱਕ ਮਹੱਤਵਪੂਰਨ ਮੀਲ ਪੱਥਰ ਸਾਬਤ ਹੋਇਆ ਹੈ।
64 ਸਾਲ ਦੀ ਨੇਤਾ ਸਾਨੇ ਤਕਾਇਚੀ, ਜੋ ਚੀਨ ਦੀ ਆਲੋਚਨਾ ਲਈ ਜਾਣੀ ਜਾਂਦੀ ਹੈ, ਨੇ 465 ਮੈਂਬਰੀ ਸਦਨ ਵਿੱਚ 237 ਵੋਟਾਂ ਹਾਸਿਲ ਕਰਕੇ ਬਹੁਮਤ ਨਾਲ ਜਿੱਤ ਦਰਜ ਕੀਤੀ। ਉਹ ਜਾਪਾਨੀ ਸਮਰਾਟ ਨਾਰੂਹਿਤੋ ਨਾਲ ਮੁਲਾਕਾਤ ਤੋਂ ਬਾਅਦ ਅਧਿਕਾਰਕ ਤੌਰ ਤੇ ਅਹੁਦਾ ਸੰਭਾਲੇਗੀ। ਤਕਾਇਚੀ ਜਾਪਾਨ ਦੀ ਪੰਜਵੀਂ ਪ੍ਰਧਾਨ ਮੰਤਰੀ ਬਣਨ ਜਾ ਰਹੀ ਹੈ ਅਤੇ ਉਹ ਸਾਬਕਾ ਪ੍ਰਧਾਨ ਮੰਤਰੀ ਸ਼ਿਗੇਰੂ ਇਸ਼ਿਬਾ ਦੀ ਥਾਂ ਲਵੇਗੀ।
ਤਕਾਇਚੀ ਦੀ ਜਿੱਤ ਨੂੰ ਜਾਪਾਨ ਵਿੱਚ ਇਸ ਲਈ ਵੀ ਬਹੁਤ ਅਹਿਮ ਮੰਨਿਆ ਜਾ ਰਿਹਾ ਹੈ ਕਿਉਂਕਿ ਹੁਣ ਤੱਕ ਦੇਸ਼ ਦੇ ਜ਼ਿਆਦਾਤਰ ਮਹੱਤਵਪੂਰਨ ਅਹੁਦਿਆਂ ਤੇ ਸਿਰਫ਼ ਪੁਰਸ਼ ਹੀ ਕਾਬਜ਼ ਸਨ। ਸੰਸਦ ਵਿੱਚ ਮਹਿਲਾਵਾਂ ਦੀ ਗਿਣਤੀ ਕਾਫ਼ੀ ਘੱਟ ਹੈ ਅਤੇ ਵੱਡੀਆਂ ਕੰਪਨੀਆਂ ਦੇ ਪ੍ਰਮੁੱਖ ਅਹੁਦਿਆਂ ਤੇ ਵੀ ਜ਼ਿਆਦਾਤਰ ਪੁਰਸ਼ ਹੀ ਹਨ।
ਜੇਆਈਪੀ ਨਾਲ ਕਰਨਾ ਪਿਆ ਗਠਜੋੜ
ਤਕਾਇਚੀ 4 ਅਕਤੂਬਰ ਨੂੰ ਲੰਬੇ ਸਮੇਂ ਤੋਂ ਸੱਤਾਧਾਰੀ ਲਿਬਰਲ ਡੈਮੋਕ੍ਰੈਟਿਕ ਪਾਰਟੀ (ਐਲਡੀਪੀ) ਦੀ ਨੇਤਾ ਬਣੀ ਸੀ, ਜਦੋਂ ਪਾਰਟੀ ਦਾ ਜਨ ਸਮਰਥਨ ਘਟਦਾ ਜਾ ਰਿਹਾ ਸੀ। ਇਸ ਤੋਂ 6 ਦਿਨ ਬਾਅਦ, ਕੋਮੇਇਤੋ ਪਾਰਟੀ ਨੇ ਉਸ ਦੇ ਰੂੜ੍ਹੀਵਾਦੀ ਵਿਚਾਰਾਂ ਅਤੇ ਐਲਡੀਪੀ ਦੇ ਕਾਲੇ ਧਨ ਦੇ ਘੁਟਾਲੇ ਨਾਲ ਅਸਹਿਮਤੀ ਜਤਾਉਂਦੇ ਹੋਏ ਗਠਜੋੜ ਤੋੜ ਦਿੱਤਾ।
ਗਠਜੋੜ ਟੁੱਟਣ ਕਾਰਨ ਤਕਾਇਚੀ ਨੂੰ ਸੁਧਾਰਵਾਦੀ ਅਤੇ ਦੱਖਣਪੰਥੀ ਜਾਪਾਨ ਇਨੋਵੇਸ਼ਨ ਪਾਰਟੀ (ਜੇਆਈਪੀ) ਦਾ ਸਮਰਥਨ ਲੈਣਾ ਪਿਆ। ਐਲਡੀਪੀ-ਜੇਆਈਪੀ ਗਠਜੋੜ ਦੇ ਸਮਝੌਤੇ ਤੇ ਸੋਮਵਾਰ ਸ਼ਾਮ ਨੂੰ ਦਸਤਖਤ ਹੋਏ। ਜੇਆਈਪੀ ਕਈ ਸੁਧਾਰਾਂ ਦਾ ਸਮਰਥਨ ਕਰਦੀ ਹੈ, ਜਿਸ ਵਿੱਚ ਖਾਣ-ਪੀਣ ਦੀਆਂ ਵਸਤਾਂ ਤੇ ਖਪਤਕਾਰ ਟੈਕਸ ਖਤਮ ਕਰਨਾ, ਕਾਰਪੋਰੇਟ ਅਤੇ ਸੰਗਠਨਾਤਮਕ ਦਾਨ ਤੇ ਪਾਬੰਦੀ ਲਗਾਉਣਾ ਅਤੇ ਸੰਸਦ ਮੈਂਬਰਾਂ ਦੀ ਗਿਣਤੀ ਘਟਾਉਣਾ ਸ਼ਾਮਲ ਹੈ।