ਟੋਕੀਓ, 23 ਜੁਲਾਈ
ਭਾਰਤ ਦੀ ਸੀਨੀਅਰ ਬੈਡਮਿੰਟਨ ਖਿਡਾਰਨ ਪੀਵੀ ਸਿੰਧੂ ਮੰਗਲਵਾਰ ਤੋਂ ਸ਼ੁਰੂ ਹੋ ਰਹੇ ਜਾਪਾਨ ਓਪਨ ਬੀਡਬਲਯੂਐਫ ਵਿਸ਼ਵ ਟੂਰ ਸੁਪਰ-750 ਟੂਰਨਾਮੈਂਟ ਵਿੱਚ ਜਿੱਤ ਨਾਲ ਇਸ ਸਾਲ ਦਾ ਖ਼ਿਤਾਬੀ ਸੋਕਾ ਖ਼ਤਮ ਕਰਨ ਦੇ ਇਰਾਦੇ ਨਾਲ ਉਤਰੇਗੀ। ਉਹ ਬੀਤੇ ਦਿਨੀਂ ਇੰਡੋਨੇਸ਼ੀਆ ਓਪਨ ਦੇ ਫਾਈਨਲ ਵਿੱਚ ਜਾਪਾਨੀ ਖਿਡਾਰਨ ਅਕਾਨੇ ਯਾਮਾਗੁਚੀ ਤੋਂ ਹਾਰ ਗਈ ਸੀ। ਹੁਣ ਉਹ ਆਪਣੀ ਮੁਹਿੰਮ ਚੀਨ ਦੀ ਹਾਨ ਯੂਈ ਖ਼ਿਲਾਫ਼ ਕਰੇਗੀ। ਇਸ ਟੂਰਨਾਮੈਂਟ ਵਿੱਚ ਸਾਨੀਆ ਨੇਹਵਾਲ ਦੀ ਵਾਪਸੀ ਹੋਵੇਗੀ। ਉਹ ਸਿਹਤ ਸਮੱਸਿਆਵਾਂ ਕਾਰਨ ਇੰਡੋਨੇਸ਼ੀਆ ਓਪਨ ਸੁਪਰ 1000 ਟੂਰਨਾਮੈਂਟ ਵਿੱਚ ਹਿੱਸਾ ਨਹੀਂ ਲੈ ਸਕੀ ਸੀ। ਸਿੰਧੂ ਐਤਵਾਰ ਨੂੰ ਜਕਾਰਤਾ ਵਿੱਚ ਇੰਡੋਨੇਸ਼ੀਆ ਓਪਨ ਦੇ ਫਾਈਨਲ ਵਿੱਚ ਯਾਮਾਗੁਚੀ ਤੋਂ ਹਾਰ ਕੇ ਸੱਤ ਮਹੀਨਿਆਂ ਦੇ ਖ਼ਿਤਾਬੀ ਸੋਕੇ ਨੂੰ ਖ਼ਤਮ ਨਹੀਂ ਕਰ ਸਕੀ ਸੀ। ਸਿੰਧੂ ਜੇਕਰ ਪਹਿਲੇ ਗੇੜ ਦੇ ਮੁਕਾਬਲੇ ਜਿੱਤ ਜਾਂਦੀ ਹੈ ਤਾਂ ਦੂਜੇ ਗੇੜ ਵਿੱਚ ਉਸ ਦਾ ਸਾਹਮਣਾ ਸਕਾਟਲੈਂਡ ਦੀ ਕ੍ਰਿਸਟੀ ਗਿਲਮੋਰ ਜਾਂ ਜਾਪਾਨ ਦੀ ਆਯਾ ਓਹੋਰੀ ਨਾਲ ਹੋਵੇਗਾ।
ਟੂਰਨਾਮੈਂਟ ਵਿੱਚ ਅੱਠਵਾਂ ਦਰਜਾ ਪ੍ਰਾਪਤ ਸਾਇਨਾ ਨੇਹਵਾਲ ਇਕਲੌਤੀ ਭਾਰਤੀ ਖਿਡਾਰਨ ਹੈ, ਜਿਸ ਨੇ ਮੌਜੂਦਾ ਸੈਸ਼ਨ ਵਿੱਚ ਖ਼ਿਤਾਬ ਜਿੱਤਿਆ ਹੈ। ਉਸ ਦਾ ਪਹਿਲੇ ਗੇੜ ’ਚ ਮੁਕਾਬਲਾ ਥਾਈਲੈਂਡ ਦੀ ਬੁਸਨਾਨ ਆਂਗਬੈਮਰੁੰਗਫਾਨ ਨਾਲ ਹੈ। ਇਸ ਖਿਡਾਰੀ ਖ਼ਿਲਾਫ਼ ਸਾਇਨਾ ਦਾ ਜਿੱਤ ਦਾ ਰਿਕਾਰਡ 3-1 ਹੈ। ਪੁਰਸ਼ ਸਿੰਗਲਜ਼ ਦੇ ਸ਼ੁਰੂਆਤੀ ਗੇੜ ਵਿੱਚ ਹੀ ਦੋ ਸੀਨੀਅਰ ਭਾਰਤੀ ਖਿਡਾਰੀਆਂ ਦਾ ਸਾਹਮਣਾ ਹੋਵੇਗਾ, ਜਿੱਥੇ ਐੱਚਐੱਸ ਪ੍ਰਣਯ ਅੱਠਵਾਂ ਦਰਜਾ ਪ੍ਰਾਪਤ ਕਿਦੰਬੀ ਸ੍ਰੀਕਾਂਤ ਨੂੰ ਚੁਣੌਤੀ ਦੇਵੇਗਾ। ਕੌਮਾਂਤਰੀ ਮੁਕਾਬਲਿਆਂ ਵਿੱਚ ਹਾਲਾਂਕਿ ਸ੍ਰੀਕਾਂਤ ਦਾ ਪੱਲੜਾ ਭਾਰੀ ਹੈ, ਜਿਸ ਨੇ ਪੰਜ ਮੁਕਾਬਲਿਆਂ ਵਿੱਚੋਂ ਚਾਰ ਵਿੱਚ ਜਿੱਤ ਦਰਜ ਕੀਤੀ ਹੈ। ਇਨ੍ਹਾਂ ਤੋਂ ਇਲਾਵਾ ਬੀ ਸਾਈ ਪ੍ਰਣੀਤ ਪਹਿਲੇ ਗੇੜ ਵਿੱਚ ਜਾਪਾਨ ਦੇ ਕੇਂਟਾ ਨਿਸ਼ੀਮੋਟੋ ਖ਼ਿਲਾਫ਼ ਕੋਰਟ ’ਤੇ ਉਤਰੇਗਾ। ਸੱਟ ਕਾਰਨ ਇੰਡੋਨੇਸ਼ੀਆ ਤੋਂ ਬਾਹਰ ਰਹਿਣ ਵਾਲਾ ਸਮੀਰ ਵਰਮਾ ਡੈੱਨਮਾਰਕ ਦੇ ਐਂਡਰਜ਼ ਐਂਟੋਨਸੇਨ ਨੂੰ ਪਹਿਲੇ ਗੇੜ ਵਿੱਚ ਚੁਣੌਤੀ ਦੇਵੇਗਾ। ਡਬਲਜ਼ ਖਿਡਾਰੀਆਂ ਵਿੱਚ ਸਾਤਵਿਕਸਾਈਰਾਜ ਰੰਕੀਰੈਡੀ ਅਤੇ ਚਿਰਾਗ ਸ਼ੈਟੀ ਦੀ ਭਾਰਤੀ ਪੁਰਸ਼ਾਂ ਦੀ ਜੋੜੀ ਨੂੰ ਪਹਿਲੇ ਗੇੜ ਵਿੱਚ ਇੰਗਲੈਂਡ ਦੇ ਮਾਰਕਸ ਐਲਿਸ ਅਤੇ ਕ੍ਰਿਸ ਲਾਂਗਰਿਜ ਦੀ ਜੋੜੀ ਦਾ ਸਾਹਮਣਾ ਕਰਨਾ ਪਵੇਗਾ।