ਬਠਿੰਡਾ, ਰਾਮਪੁਰਾ ਫੂਲ ’ਚ ਚਿੱਟੇ ਕਾਰਨ ਫੌਤ ਹੋਏ ਨੌਜਵਾਨ ਦਾ ਸਿਵਾ ਦੋ ਵਾਰ ਬਾਲਣਾ ਪਿਆ। ਇਹ ਘਟਨਾ ਦੇਖ ਕੇ ਲੋਕਾਂ ਦੇ ਦਿਲ ਦਹਿਲ ਗਏ।
ਪ੍ਰਾਪਤ ਜਾਣਕਾਰੀ ਅਨੁਸਾਰ ਰਾਮਪੁਰਾ ਸ਼ਹਿਰ ਨੇੜੇ ਪੈਂਦੇ ਇਲਾਕੇ ’ਚ ‘ਚਿੱਟੇ’ ਨੇ ਇੱਕ ਰਸਦੇ ਵੱਸਦੇ ਘਰ ’ਚ ਸੱਥਰ ਵਿਛਾ ਦਿੱਤਾ ਹੈ। ਸਸਕਾਰ ਕਰਨ ਮਗਰੋਂ ਵੀ ਨੌਜਵਾਨ ਦਾ ਸਰੀਰ ਨਾ ਜਲ ਸਕਿਆ ਤਾਂ ਲੋਕਾਂ ਦੇ ਦੰਦ ਜੁੜ ਗਏ। ਪਰਿਵਾਰ ਵਾਲਿਆਂ ਨੇ ਪਹਿਲਾਂ ਇਸ ਨੌਜਵਾਨ ਦਾ ਸਸਕਾਰ 11.30 ਵਜੇ ਕੀਤਾ। ਗੁਰੂ ਘਰ ਅਰਦਾਸ ਕਰਨ ਮਗਰੋਂ ਜਦੋਂ ਘਰ ਵਿੱਚ ਲੋਕ ਸੱਥਰ ’ਤੇ ਮੁੜ ਜੁੜੇ ਤਾਂ ਸ਼ਮਸ਼ਾਨ ਘਾਟ ’ਚੋਂ ਸੁਨੇਹਾ ਆ ਗਿਆ ਕਿ ਸਰੀਰ ਦਾ ਉੱਪਰਲਾ ਹਿੱਸਾ ਜਲ ਨਹੀਂ ਰਿਹਾ।  ਚਸ਼ਮਦੀਦ ਦੱਸਦੇ ਹਨ ਕਿ ਦੁਪਹਿਰ ਵਕਤ ਮੁੜ ਆਰੇ ਤੋਂ ਲੱਕੜ ਲਿਆਂਦੀ ਗਈ ਤੇ ਦੁਬਾਰਾ ਸਸਕਾਰ ਕੀਤਾ ਗਿਆ।
ਦੱਸਦੇ ਹਨ ਕਿ ਚਿੱਟੇ ਦਾ ਇੰਨਾ ਮਾਰੂ ਅਸਰ ਸਰੀਰ ’ਤੇ ਪੈਂਦਾ ਹੈ ਕਿ ਉੱਪਰਲਾ ਹਿੱਸਾ ਪਲਾਸਟਿਕ ਦੀ ਤਰ੍ਹਾਂ ਬਣ ਜਾਂਦਾ ਹੈ। ਪਰਿਵਾਰ ਵਾਲੇ ਸਦਮੇ ਵਿੱਚ ਹਨ ਤੇ ਉਹ ਜਨਤਕ ਹੋਣ ਤੋਂ ਪਾਸਾ ਵੱਟ ਰਹੇ ਹਨ। ਅੱਜ ‘ਨਸ਼ਾ ਰੋਕੂ ਦਿਵਸ’ ਦੇ ਸਮਾਰੋਹਾਂ ’ਤੇ ਸਰਕਾਰੀ ਦਮਗਜ਼ੇ ਵੱਜ ਰਹੇ ਸਨ ਤਾਂ ਉਦੋਂ ਚਿੱਟੇ ਦੇ ਕਹਿਰ ਦੀ ਮਾਰ ਹੇਠ ਆਏ ਇਸ ਪਰਿਵਾਰ ਦੇ ਘਰ ਵਿੱਚ ਵੈਣ ਪੈ ਰਹੇ ਸਨ। ਲੋਕਾਂ ਦਾ ਕਹਿਣਾ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਗੁਟਕੇ ਦੀ ਚੁੱਕੀ ਸਹੁੰ ਪੂਰੀ ਕਰ ਦਿੰਦੇ ਤਾਂ ਸ਼ਾਇਦ ਇਹ ਨੌਜਵਾਨ ਬਚ ਜਾਂਦਾ। ਸਰਕਾਰਾਂ ਦਾ ਲਹੂ ਚਿੱਟਾ ਹੋ ਜਾਂਦਾ ਹੈ ਤਾਂ ਨੌਬਤ ਦੋ ਦੋ ਵਾਰ ਸਿਵੇ ਬਾਲਣ ਦੀ ਆਉਂਦੀ ਹੈ।
ਚੇਤੰਨ ਮਹਿਲਾ ਬਲਵਿੰਦਰ ਕੌਰ ਰਾਏ ਨੇ ਦੱਸਿਆ ਕਿ ਮਾਝੇ ਵਿੱਚ ਕੁਝ ਸਮਾਂ ਪਹਿਲਾਂ ਚਿੱਟੇ ਦਾ ਸ਼ਿਕਾਰ ਹੋਏ ਇੱਕ ਨੌਜਵਾਨ ਦਾ ਸਿਵਾ ਵੀ ਦੋ ਵਾਰ ਬਾਲਣਾ ਪਿਆ ਸੀ। ਦੱਸਦੇ ਹਨ ਕਿ ਚਿੱਟਾ ਸਰੀਰ ’ਤੇ ਏਦਾਂ ਦਾ ਪ੍ਰਭਾਵ ਛੱਡਦਾ ਹੈ ਜਿਸ ਵਜੋਂ ਉੱਪਰਲਾ ਹਿੱਸਾ ਛੇਤੀ ਬਲਦਾ ਨਹੀਂ ਹੈ। ਚਿੱਟੇ ਦੇ ਕੈਮੀਕਲ ਦਾ ਸਰੀਰ ’ਤੇ ਕੀ ਅਸਰ ਤੇ ਪ੍ਰਭਾਵ ਪੈਂਦਾ ਹੈ, ਇਸ ਤੋਂ ਡਾਕਟਰ ਜਾਣੂ ਹਨ।
ਦੂਸੇ ਪਾਸੇ ਅੱਜ ਪੁਲੀਸ ਅਫ਼ਸਰਾਂ ਨੇ ਹਰ ਜ਼ਿਲ੍ਹੇ ਵਿੱਚ ‘ਨਸ਼ਾ ਵਿਰੋਧੀ ਦਿਵਸ’ ਮਨਾਇਆ ਹੈ। ਲੰਮੇ-ਚੌੜੇ ਵਾਅਦੇ ਤੇ ਦਾਅਵੇ ਕੀਤੇ ਹਨ। ਬਠਿੰਡਾ ਖਿੱਤੇ ਵਿੱਚ ‘ਚਿੱਟੇ’ ਦੀ ਵਿਕਰੀ ਕਿਸੇ ਤੋਂ ਲੁਕੀ ਨਹੀਂ ਹੋਈ ਹੈ। ਰਾਮਪੁਰਾ ਸ਼ਹਿਰ ’ਚ ਇਸ ਦੀ ਵਿੱਕਰੀ ਦੇ ਚਰਚੇ ਹਨ ਅਤੇ ਕਈ ਪਿੰਡਾਂ ਵਿਚ ਸ਼ਰੇਆਮ ਵਿੱਕਰੀ ਹੋ ਰਹੀ ਹੈ। ਸੂਤਰ ਦੱਸਦੇ ਹਨ ਕਿ ਕੁਝ ਦਿਨ ਪਹਿਲਾਂ ਰਾਮਪੁਰਾ ਸ਼ਹਿਰ ਤੋਂ ਪੁਲੀਸ ਨੇ ਨਸ਼ਾ ਵੇਚਣ ਵਾਲੀ ਇੱਕ ਔਰਤ ਨੂੰ ਚੁੱਕਿਆ ਸੀ।