ਬਨੂੜ, ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਸੁਨੀਲ ਜਾਖੜ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਤੇਲ ਕੀਮਤਾਂ ’ਤੇ ਵੈਟ ਅਤੇ ਲੰਗਰ ਉੱਤੇ ਜੀਐੱਸਟੀ ਦੇ ਮੁੱਦਿਆਂ ਉੱਤੇ ਖੁੱਲ੍ਹੀ ਬਹਿਸ ਦੀ ਚੁਣੌਤੀ ਦਿੱਤੀ ਹੈ। ਉਹ ਅੱਜ ਸਵੇਰੇ ਬਨੂੜ ਨੇੜਲੇ ਪਿੰਡ ਕਰਾਲਾ ਵਿੱਚ ਯੂਥ ਕਾਂਗਰਸ ਵੱਲੋਂ ਮੋਦੀ ਸਰਕਾਰ ਖ਼ਿਲਾਫ਼ ਵਿੱਢੇ ਜਨ ਅੰਦੋਲਨ ਪ੍ਰੋਗਰਾਮ ਅਧੀਨ ਟਰੈਕਟਰ ਰੈਲੀ ਨੂੰ ਰਵਾਨਾ ਕਰਨ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ।
ਸ੍ਰੀ ਜਾਖੜ ਨੇ ਆਖਿਆ ਕਿ ਪੰਜਾਬ ਸਰਕਾਰ ਕੋਲੋਂ ਸਮੁੱਚੇ ਧਾਰਮਿਕ ਸਥਾਨਾਂ ਦੇ ਲੰਗਰਾਂ ਦੀ ਜੀਐੱਸਟੀ ਮੁਆਫ਼ ਕਰਨ ਬਾਰੇ ਅਕਾਲੀ ਆਗੂ ਲੋਕਾਂ ਨੂੰ ਇਹ ਦੱਸਣ ਕਿ ਸਿੱਖ ਧਰਮ ਤੋਂ ਬਿਨਾਂ ਹੋਰ ਕਿਹੜੇ ਧਰਮ ਵਿੱਚ ਸੰਗਤ ਨੂੰ ਰੋਜ਼ਾਨਾ ਲੰਗਰ ਛਕਾਇਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਲਈ ਇਹ ਸ਼ਰਮ ਵਾਲੀ ਗੱਲ ਹੈ ਕਿ ਉਨ੍ਹਾਂ ਦੀ ਭਾਈਵਾਲ ਪਾਰਟੀ ਵੱਲੋਂ ਸ੍ਰੀ ਦਰਬਾਰ ਸਾਹਿਬ ਵਿੱਚ ਚੱਲਦੇ ਲੰਗਰਾਂ ਦੀਆਂ ਵਸਤਾਂ ’ਤੇ ਜੀਐੱਸਟੀ ਲਾਗੂ ਕੀਤਾ ਗਿਆ ਜਦੋਂ ਕਿ ਇਹ ਪਹਿਲਾਂ ਹੀ ਲਾਗੂ ਨਹੀਂ ਕਰਨਾ ਚਾਹੀਦਾ ਸੀ। ਉਨ੍ਹਾਂ ਕਿਹਾ ਕਿ ਅਕਾਲੀ ਦਲ ਨੂੰ ਇਸ ਮੁੱਦੇ ਉੱਤੇ ਰੋਸ ਵਜੋਂ ਕੇਂਦਰ ਦਾ ਸਾਥ ਛੱਡਣਾ ਚਾਹੀਦਾ ਸੀ ਜਦਕਿ ਇਸਦੇ ਉਲਟ ਅਕਾਲੀ ਆਗੂ ਪ੍ਰਧਾਨ ਮੰਤਰੀ ਦਾ ਧੰਨਵਾਦ ਕਰ ਰਹੇ ਹਨ।
ਸ੍ਰੀ ਜਾਖੜ ਨੇ ਤੇਲ ਕੀਮਤਾਂ ਉੱਤੇ ਰਾਜ ਸਰਕਾਰ ਵੱਲੋਂ ਲਾਏ ਜਾਂਦੇ ਵੈਟ ਨੂੰ ਵਾਪਸ ਲੈਣ ਲਈ ਅਕਾਲੀਆਂ ਦੀ ਮੰਗ ਉੱਤੇ ਤਿੱਖਾ ਪ੍ਰਤੀਕਰਮ ਦਿੰਦਿਆਂ ਕਿਹਾ ਕਿ ਅਕਾਲੀ ਦਲ ਵਾਲੇ ਪੰਜਾਬੀਆਂ ਨੂੰ ਇਹ ਤਾਂ ਦੱਸਣ ਕਿ ਤੇਲ ਕੀਮਤਾਂ ਉੱਤੇ ਵੈਟ ਲਗਾਇਆ ਕਿਸ ਨੇ ਸੀ। ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ ਨਾਲ ਉਹ ਕਿਸੇ ਵੀ ਪਲੇਟਫਾਰਮ ਉੱਤੇ ਖੁੱਲ੍ਹੀ ਬਹਿਸ ਕਰਨ ਲਈ ਤਿਆਰ ਹਨ। ਉਨ੍ਹਾਂ ਕਿਹਾ ਕਿ ਅਕਾਲੀਆਂ ਨੇ ਪੰਜਾਬ ਨੂੰ ਹਰ ਪੱਖ ਤੋਂ ਬਰਬਾਦੀ ਦੇ ਰਾਹ ਧੱਕਿਆ ਹੈ ਅਤੇ ਹੁਣ ਆਪਣੇ ਰਾਜਸੀ ਏਜੰਡੇ ਤਹਿਤ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਰਾਜ ਦੇ ਲੋਕਾਂ ਨਾਲ ਕੀਤਾ ਹਰ ਵਾਅਦਾ ਪੂਰਾ ਕਰੇਗੀ।
ਸ੍ਰੀ ਜਾਖੜ ਨੇ ਇੱਕ ਸਵਾਲ ਦੇ ਜਵਾਬ ਵਿੱਚ ਆਖਿਆ ਕਿ ਲੋਕ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਨਾਲ ਕੋਈ ਗੱਠਜੋੜ ਨਹੀਂ ਹੋਵੇਗਾ। ਉਨ੍ਹਾਂ ਕਿਹਾ ਕਿ ਇਸ ਸਬੰਧੀ ਲਗਾਈਆਂ ਜਾ ਰਹੀਆਂ ਕਿਆਸਅਰਾਈਆਂ ਵਿੱਚ ਕੋਈ ਦਮ ਨਹੀਂ ਹੈ। ਉਨ੍ਹਾਂ ਕਿਹਾ ਕਿ ਮਹਿੰਗਾਈ ਖ਼ਿਲਾਫ਼ ਰੈਲੀਆਂ ਲੋਕ ਹੱਕਾਂ ਦੀ ਲੜਾਈ ਹੈ ਅਤੇ ਨਰਿੰਦਰ ਮੋਦੀ ਸਰਕਾਰ ਨੂੰ ਜਗਾਉਣ ਲਈ ਇਸ ਤੋਂ ਬਿਨਾਂ ਹੋਰ ਕੋਈ ਚਾਰਾ ਨਹੀਂ ਹੈ। ਇਸ ਮੌਕੇ ਕੁਲ ਹਿੰਦ ਯੂਥ ਕਾਂਗਰਸ ਦੇ ਪ੍ਰਧਾਨ ਕੇਸ਼ਵ ਯਾਦਵ, ਰਾਜਪੁਰਾ ਹਲਕੇ ਦੇ ਵਿਧਾਇਕ ਹਰਦਿਆਲ ਸਿੰਘ ਕੰਬੋਜ, ਘਨੌਰ ਹਲਕੇ ਦੇ ਵਿਧਾਇਕ ਠੇਕੇਦਾਰ ਮੋਹਨ ਲਾਲ ਅਤੇ ਡੇਰਾਬੱਸੀ ਹਲਕੇ ਦੇ ਇੰਚਾਰਜ ਐਡਵੋਕੇਟ ਦੀਪਿੰਦਰ ਸਿੰਘ ਢਿੱਲੋਂ ਵੀ ਮੌਜੂਦ ਸਨ।