ਅੰਮ੍ਰਿਤਸਰ, ਨਵੇਂ ਬਣੇ ਸੰਸਦ ਮੈਂਬਰ ਸੁਨੀਲ ਜਾਖੜ ਨੇ ਸੂਬੇ ਦੀ ਕਾਂਗਰਸ ਸਰਕਾਰ ਵੱਲੋਂ ਬਿਜਲੀ ਦਰਾਂ ਵਿੱਚ ਵਾਧਾ ਕਰਨ ਦੇ ਫੈਸਲੇ ਦਾ ਸਮਰਥਨ ਕਰਦਿਆਂ ਦੋਸ਼ ਲਾਇਆ ਕਿ ਇਹ ਪਿਛਲੀ ਅਕਾਲੀ-ਭਾਜਪਾ ਸਰਕਾਰ ਵੱਲੋਂ ਖ਼ਜ਼ਾਨੇ ’ਤੇ ਪਾਏ ਵਾਧੂ ਬੋਝ ਦਾ ਸਿੱਟਾ ਹੈ। ਉਹ ਅੱਜ ਸ਼ਾਮ ਸ੍ਰੀ ਹਰਿਮੰਦਰ ਸਾਹਿਬ ਵਿੱਚ ਆਪਣੀ ਜਿੱਤ ਦੇ ਸ਼ੁਕਰਾਨੇ ਵਜੋਂ ਨਤਮਸਤਕ ਹੋਣ ਲਈ ਆਏ ਸਨ।
ਮੱਥਾ ਟੇਕਣ ਮਗਰੋਂ ਮੀਡੀਆ ਨਾਲ ਗੱਲਬਾਤ ਕਰਦਿਆਂ ਸ੍ਰੀ ਜਾਖੜ ਨੇ ਕਿਹਾ ਕਿ ਉਹ ਗੁਰੂਘਰ ਦਾ ਸ਼ੁਕਰਾਨਾ ਕਰ ਕੇ ਆਪਣੀ ਨਵੀਂ ਪਾਰੀ ਦੀ ਸ਼ੁਰੂਆਤ ਕਰ ਰਹੇ ਹਨ। ਬਿਜਲੀ ਬਿੱਲਾਂ ਵਿੱਚ ਵਾਧੇ ਬਾਰੇ ਪੁੱਛੇ ਜਾਣ ‘ਤੇ ਉਨ੍ਹਾਂ ਕਿਹਾ ਕਿ ਪਿਛਲੀ ਅਕਾਲੀ-ਭਾਜਪਾ ਸਰਕਾਰ ਨੇ ਜੋ ਬੋਝ ਪੰਜਾਬ ਦੇ ਖ਼ਜ਼ਾਨੇ ਉਤੇ ਪਾਇਆ ਸੀ, ਇਹ ਉਸ ਦਾ ਹੀ ਨਤੀਜਾ ਹੈ ਕਿਉਂਕਿ ਨਿੱਜੀ ਬਿਜਲੀ ਪਲਾਂਟਾਂ ਤੋਂ ਮਹਿੰਗੇ ਮੁੱਲ ਬਿਜਲੀ ਖਰੀਦਣ ਦੇ ਜੋ ਸਮਝੌਤੇ ਇਨ੍ਹਾਂ ਨੇ ਕੀਤੇ ਸਨ, ਇਹ ਉਸ ਦਾ ਭੁਗਤਾਨ ਕਰਨ ਲਈ ਜ਼ਰੂਰੀ ਹੈ। ਉਨ੍ਹਾਂ ਆਖਿਆ ਕਿ ਮਹਿੰਗੇ ਭਾਅ ਬਿਜਲੀ ਖਰੀਦ ਦੀ ਘੋਖ ਹੋਣੀ ਚਾਹੀਦੀ ਹੈ।
ਰਾਸ਼ਟਰੀ ਸਿੱਖ ਸੰਗਤ ਵੱਲੋਂ ਗੁਰੂ ਸਾਹਿਬਾਨ ਬਾਰੇ ਕਰਵਾਏ ਜਾ ਰਹੇ ਸਮਾਗਮ ਸਬੰਧੀ ਪੁੱਛੇ ਜਾਣ ‘ਤੇ ਉਨ੍ਹਾਂ ਕਿਹਾ ਕਿ ਸਮਾਗਮ ਕਰਾਉਣ ’ਤੇ ਕਿਸੇ ਨੂੰ ਕੋਈ ਇਤਰਾਜ਼ ਨਹੀਂ ਹੈ ਪਰ ਇਨ੍ਹਾਂ ਦੀ ਸੋਚ ਮਾੜੀ ਹੈ ਅਤੇ ਇਹ ਰਾਜਨੀਤੀ ਲਈ ਧਰਮ ਦੀ ਵਰਤੋਂ ਕਰ ਰਹੇ ਹਨ, ਜੋ ਗੰਭੀਰ ਮੁੱਦਾ ਹੈ। ਇਰਾਕ ਵਿੱਚ ਫਸੇ ਪੰਜਾਬੀ ਨੌਜਵਾਨਾਂ ਬਾਰੇ ਉਨ੍ਹਾਂ ਕਿਹਾ ਕਿ ਉਹ ਪਰਮਾਤਮਾ ਅੱਗੇ ਅਰਦਾਸ ਕਰਨਗੇ ਕਿ ਇਹ ਸਾਰੇ ਨੌਜਵਾਨ ਸਹੀ ਸਲਾਮਤ ਘਰਾਂ ਨੂੰ ਪਰਤ ਆਉਣ। ਉਹ ਇਸ ਬਾਬਤ ਲੋਕ ਸਭਾ ਵਿੱਚ ਵੀ ਮੁੱਦਾ ਉਠਾਉਣਗੇ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੂੰ ਇਨ੍ਹਾਂ ਨੌਜਵਾਨਾਂ ਦੀ ਸਥਿਤੀ ਬਾਰੇ ਪਰਿਵਾਰਕ ਮੈਂਬਰਾਂ ਨੂੰ ਖੁਲਾਸਾ ਕਰਨਾ ਚਾਹੀਦਾ ਹੈ। ਡੀਐਨਏ ਟੈਸਟ ਕਰਾਉਣਾ ਕਈ ਸ਼ੱਕ ਪੈਦਾ ਕਰਦਾ ਹੈ।
ਟਰੈਕਟਰ ਨੂੰ ਵਪਾਰਕ ਵਾਹਨ ਐਲਾਨੇ ਜਾਣ ਦੀ ਨਿੰਦਾ ਕਰਦਿਆਂ ਸੰਸਦ ਮੈਂਬਰ ਨੇ ਕਿਹਾ ਕਿ ਪਹਿਲਾਂ ਖੇਤੀ ਸੰਦਾਂ, ਖਾਦਾਂ ਤੇ ਦਵਾਈਆਂ ‘ਤੇ ਜੀਐਸਟੀ ਲਾ ਕੇ ਕਿਸਾਨਾਂ ’ਤੇ ਬੋਝ ਪਾਇਆ ਗਿਆ ਅਤੇ ਹੁਣ ਟਰੈਕਟਰ ’ਤੇ ਵਪਾਰਕ ਟੈਕਸ ਲਾ ਕੇ ਵਾਧੂ ਬੋਝ ਪਾਇਆ ਜਾਵੇਗਾ। ਪੰਜਾਬ ਦੀ ਕਾਨੂੰਨ ਵਿਵਸਥਾ ਬਾਰੇ ਉਨ੍ਹਾਂ ਕਿਹਾ ਕਿ ਅਮਨ-ਕਾਨੂੰਨ ਦੀ ਸਥਿਤੀ ਬਰਕਰਾਰ ਰੱਖਣ ਲਈ ਮੁੱਖ ਮੰਤਰੀ ਨੇ ਪੁਲੀਸ ਨੂੰ ਖੁੱਲ੍ਹਾ ਹੱਥ ਦਿੱਤਾ ਹੈ ਅਤੇ ਪੁਲੀਸ ’ਤੇ ਕੋਈ ਰਾਜਸੀ ਦਬਾਅ ਨਹੀਂ ਹੈ। 800 ਸਰਕਾਰੀ ਸਕੂਲਾਂ ਨੂੰ ਬੰਦ ਕਰਨ ਦੇ ਸਰਕਾਰੀ ਫੈਸਲੇ ਬਾਰੇ ਉਨ੍ਹਾਂ ਕਿਹਾ ਕਿ ਪਿਛਲੇ 10 ਸਾਲਾਂ ਵਿੱਚ 5 ਲੱਖ ਬੱਚੇ ਸਰਕਾਰੀ ਸਕੂਲਾਂ ਤੋਂ ਕਿਨਾਰਾ ਕਰ ਗਏ ਹਨ, ਜਿਸ ਦੀ ਘੋਖ ਹੋਣੀ ਚਾਹੀਦੀ ਹੈ।
ਇਸ ਮੌਕੇ ਉਨ੍ਹਾਂ ਨਾਲ ਲੋਕ ਸਭਾ ਮੈਂਬਰ ਗੁਰਜੀਤ ਸਿੰਘ ਔਜਲਾ, ਵਿਧਾਇਕ ਸੁਨੀਲ ਦੱਤੀ, ਤਰਸੇਮ ਸਿੰਘ ਡੀ.ਸੀ., ਸ਼ਹਿਰੀ ਪ੍ਰਧਾਨ ਜੁਗਲ ਕਿਸ਼ੋਰ, ਕਾਂਗਰਸ ਦੇ ਬੁਲਾਰੇ ਅਤੇ ਦਿਹਾਤੀ ਪ੍ਰਧਾਨ ਭਗਵੰਤਪਾਲ ਸਿੰਘ ਸੱਚਰ, ਸਾਬਕਾ ਵਿਧਾਇਕ ਸਵਿੰਦਰ ਸਿੰਘ ਕੱਥੂਨੰਗਲ ਅਤੇ ਹੋਰ ਹਾਜ਼ਰ ਸਨ।