ਅਸੰਨਸ਼ਨ (ਪੈਰਾਗੁਏ), 7 ਮਾਰਚ
ਪੈਰਾਗੁਏ ਦੇ ਅਧਿਕਾਰੀਆਂ ਨੇ ਕਿਹਾ ਹੈ ਕਿ ਸਾਬਕਾ ਬ੍ਰਾਜ਼ੀਲੀਅਨ ਫੁਟਬਾਲਰ ਰੋਨਾਲਡਿਨ੍ਹੋ ਤੇ ਉਸ ਦੇ ਭਰਾ ‘ਧੋਖਾਧੜੀ’ ਦਾ ਸ਼ਿਕਾਰ ਹੋਏ ਹਨ ਤੇ ਫ਼ਰਜ਼ੀ ਕਾਗਜ਼ਾਂ ’ਤੇ ਮੁਲਕ ਵਿਚ ਦਾਖ਼ਲ ਹੋਣ ਲਈ ਉਨ੍ਹਾਂ ਨੂੰ ਮਾਮਲੇ ’ਚ ਨਾਮਜ਼ਦ ਨਹੀਂ ਕੀਤਾ ਜਾਵੇਗਾ। ਫੁਟਬਾਲ ਸਟਾਰ ਦੇ ਵਕੀਲ ਨੇ ਇਸ ਤੋਂ ਪਹਿਲਾਂ ਇਨਕਾਰ ਕੀਤਾ ਸੀ ਕਿ ਰੋਨਾਲਡਿਨ੍ਹੋ ਤੇ ਉਸ ਦੇ ਭਰਾ ਰੌਬਰਟ ਡੀ ਐਸਿਸ ਮੌਰੈਰਾ ਨੇ ਜਾਅਲੀ ਪਾਸਪੋਰਟ ਵਰਤਿਆ ਹੈ। ਅਥਾਰਿਟੀ ਨੇ ਕਿਹਾ ਕਿ ਇਸ ਮਾਮਲੇ ’ਚ ਹੁਣ ਜ਼ਿੰਮੇਵਾਰਾਂ ਖ਼ਿਲਾਫ਼ ਦੋਸ਼ ਤੈਅ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਦੋਵਾਂ ਨੇ ਗਲਤ ਕਾਗਜ਼ਾਂ ਬਾਰੇ ਸਵੀਕਾਰ ਕੀਤਾ ਹੈ ਤੇ ਲੋੜੀਂਦੀ ਜਾਣਕਾਰੀ ਮੁਹੱਈਆ ਕਰਵਾਈ ਹੈ। ਇਸ ਜਾਂਚ ਵਿਚੋਂ ਦੋਵਾਂ ਨੂੰ ਬਰੀ ਕੀਤਾ ਜਾਂਦਾ ਹੈ, ਉਨ੍ਹਾਂ ਦਾ ਮੰਤਵ ਗਲਤ ਨਹੀਂ ਸੀ।
ਦੱਸਣਯੋਗ ਹੈ ਕਿ ਬ੍ਰਾਜ਼ੀਲੀ ਅਥਾਰਿਟੀ ਨੇ ਨਵੰਬਰ 2018 ਵਿਚ ਰੋਨਾਲਡਿਨ੍ਹੋ ਦਾ ਪਾਸਪੋਰਟ ਵਾਪਸ ਲੈ ਲਿਆ ਸੀ ਕਿਉਂਕਿ ਉਸ ਨੇ ਇਕ ਇਮਾਰਤ ਦੀ ਉਸਾਰੀ ਦੌਰਾਨ ਵਾਤਾਵਰਨ ਨੂੰ ਪੁੱਜੇ ਨੁਕਸਾਨ ਲਈ ਜੁਰਮਾਨਾ ਅਦਾ ਨਹੀਂ ਕੀਤਾ ਸੀ। ਵਿਸ਼ਵ ਕੱਪ ਜੇਤੂ ਫੁਟਬਾਲਰ ਤੇ ਉਸ ਦੇ ਭਰਾ ਕੋਲੋਂ ਕਰੀਬ ਸੱਤ ਘੰਟੇ ਪੁੱਛਗਿੱਛ ਕੀਤੀ ਗਈ। ਜਾਂਚ ਵਿਚ ਸਾਹਮਣੇ ਆਇਆ ਹੈ ਕਿ ਇਕ ਬ੍ਰਾਜ਼ੀਲੀ ਕਾਰੋਬਾਰੀ ਨੇ ਸਾਬਕਾ ਫੁਟਬਾਲਰ ਨੂੰ ਫ਼ਰਜ਼ੀ ਪਾਸਪੋਰਸਟ ਦਿੱਤਾ ਸੀ।