ਪਰਿਵਾਰ ਤੇ ਪਿੰਡ ‘ਚ ਖੁਸ਼ੀ
ਜ਼ੀਰਾ(ਅਕਾਲੀਆਂ ਵਾਲਾ) – ਜ਼ਿਲ੍ਹਾ ਫਿਰੋਜ਼ਪੁਰ ਦੇ ਜ਼ੀਰਾ ਨੇੜਲੇ ਪਿੰਡ ਕਰਮੂ ਵਾਲਾ ਦੇ ਨੌਜਵਾਨ ਮਨਦੀਪ ਸਿੰਘ ਮੱਲ ਨੇ ਵਿਦੇਸ਼ ਵਿੱਚ ਪੰਜਾਬ ਦਾ ਨਾਂ ਰੌਸ਼ਨ ਕਰਕੇ ਆਪਣੀ ਮਿੱਟੀ ਨਾਲ ਮੁਹੱਬਤ ਦੀ ਮਿਸਾਲ ਪੇਸ਼ ਕੀਤੀ ਹੈ। ਮਨਦੀਪ ਸਿੰਘ ਨੇ ਕਨੇਡਾ ਦੇ ਸ਼ਹਿਰ ਟਰਾਂਟੋ ਦੀ ਪੁਲਿਸ ਫੋਰਸ ਵਿੱਚ ਕਾਂਸਟੇਬਲ ਵਜੋਂ ਭਰਤੀ ਹੋਣ ਦਾ ਮਾਣ ਹਾਸਲ ਕੀਤਾ ਹੈ। ਉਨ੍ਹਾਂ ਦੀ ਇਸ ਵੱਡੀ ਕਾਮਯਾਬੀ ‘ਤੇ ਪਰਿਵਾਰ, ਰਿਸ਼ਤੇਦਾਰਾਂ, ਸਜਣ-ਮਿੱਤਰਾਂ ਤੇ ਪਿੰਡ ਦੇ ਵਸਨੀਕਾਂ ਵਿਚ ਖੁਸ਼ੀ ਦੀ ਲਹਿਰ ਦੌੜ ਗਈ ਹੈ। ਮਨਦੀਪ ਸਿੰਘ ਮੱਲ ਬਚਪਨ ਤੋਂ ਹੀ ਮਿਹਨਤੀ ਅਤੇ ਵਿਦਿਆਰਥੀ ਜੀਵਨ ‘ਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਰਹੇ ਹਨ। ਉਨ੍ਹਾਂ ਨੇ ਆਪਣੇ ਸ਼ੁਰੂਆਤੀ ਪੜ੍ਹਾਈ ਪੰਜਾਬ (ਭਾਰਤ )’ਚ ਕੀਤੀ ਅਤੇ ਬਾਅਦ ਵਿੱਚ ਉੱਚੀ ਤਾਲੀਮ ਲਈ ਵਿਦੇਸ਼ ਚਲੇ ਗਏ। ਉਨ੍ਹਾਂ ਨੇ ਕਨੇਡਾ ‘ਚ ਜਾ ਕੇ ਟਰਾਂਟੋ ਪੁਲਿਸ ਫੋਰਸ ਵਿੱਚ ਸ਼ਾਮਲ ਹੋਣ ਦੀ ਇੱਛਾ ਜਤਾਈ ਅਤੇ ਉਸ ਉੱਤੇ ਪੂਰੀ ਮਿਹਨਤ ਨਾਲ ਕੰਮ ਕੀਤਾ। ਆਖਰ ਉਨ੍ਹਾਂ ਦੀ ਮਿਹਨਤ ਰੰਗ ਲਿਆਈ ਤੇ ਅੱਜ ਉਹ ਟਰਾਂਟੋ ਪੁਲਿਸ ਵਿੱਚ ਕਾਂਸਟੇਬਲ ਵਜੋਂ ਭਰਤੀ ਹੋਣ ਵਿੱਚ ਕਾਮਯਾਬ ਰਹੇ। ਮਨਦੀਪ ਸਿੰਘ ਮੱਲ ਰਿਟਾਇਰਡ ਡੀਐਸਪੀ ਲਖਵਿੰਦਰ ਸਿੰਘ ਮੱਲ ਦੇ ਭਤੀਜੇ ਹਨ। ਉਨ੍ਹਾਂ ਦੇ ਪਰਿਵਾਰ ਦਾ ਪੁਲਿਸ ਅਤੇ ਲਾਅ-ਐਂਫੋਰਸਮੈਂਟ ਨਾਲ ਪੁਰਾਣਾ ਨਾਤਾ ਰਿਹਾ ਹੈ। ਇਹੀ ਕਾਰਨ ਹੈ ਕਿ ਮਨਦੀਪ ਸਿੰਘ ਨੇ ਵੀ ਇਸ ਖੇਤਰ ‘ਚ ਆਪਣਾ ਭਵਿੱਖ ਬਣਾਉਣ ਦੀ ਕੋਸ਼ਿਸ਼ ਕੀਤੀ ਅਤੇ ਵੱਡੀ ਕਾਮਯਾਬੀ ਹਾਸਲ ਕਰਕੇ ਆਪਣੇ ਮਾਪਿਆਂ ਅਤੇ ਪਿੰਡ ਦਾ ਸਿਰ ਉੱਚਾ ਕੀਤਾ।
ਮਿਹਨਤ ਅਤੇ ਦ੍ਰਿੜ੍ਹ ਇਰਾਦਿਆਂ ਨਾਲ ਵੱਡੀ ਸਫਲਤਾ ਹਾਸਲ ਹੁੰਦੀ: ਦਿਲਬਾਗ ਢੰਡੀਆਂ, ਗੁਰਵਿੰਦਰ ਸੰਧੂ — ਮਨਦੀਪ ਸਿੰਘ ਦੀ ਇਸ ਉਪਲਬਧੀ ‘ਤੇ ਪਿੰਡ ਕਰਮੂ ਵਾਲਾ ‘ਚ ਖ਼ਾਸ ਤੌਰ ‘ਤੇ ਉਤਸ਼ਾਹ ਦਾ ਮਾਹੌਲ ਦੇਖਣ ਨੂੰ ਮਿਲਿਆ। ਉਨ੍ਹਾਂ ਦੇ ਘਰ ਤੇ ਪਰਿਵਾਰਕ ਮੈਂਬਰਾਂ, ਰਿਸ਼ਤੇਦਾਰਾਂ ਅਤੇ ਪਿੰਡ ਵਾਸੀਆਂ ਵੱਲੋਂ ਉਨ੍ਹਾਂ ਨੂੰ ਵਧਾਈਆਂ ਦਿੱਤੀਆਂ ਗਈਆਂ। ਇਨ੍ਹਾਂ ਵਿੱਚ ਦਿਲਬਾਗ ਸਿੰਘ ਢੰਡੀਆਂ ਅਤੇ ਗੁਰਵਿੰਦਰ ਸਿੰਘ ਸੰਧੂ ਲਲਿਹਾਂਦੀ ਆਦਿ ਸ਼ਾਮਲ ਸਨ। ਉਨ੍ਹਾਂ ਕਿਹਾ ਕਿ ਮਨਦੀਪ ਸਿੰਘ ਦੀ ਇਹ ਕਾਮਯਾਬੀ ਸਿਰਫ਼ ਪਰਿਵਾਰ ਦੀ ਨਹੀਂ, ਬਲਕਿ ਪੂਰੇ ਪੰਜਾਬ ਲਈ ਮਾਣ ਦੀ ਗੱਲ ਹੈ। ਇਸ ਮੌਕੇ ‘ਤੇ, ਪਰਿਵਾਰ ਦੇ ਮੈਂਬਰਾਂ ਨੇ ਕਿਹਾ ਕਿ ਮਨਦੀਪ ਸਿੰਘ ਵਰਗੇ ਨੌਜਵਾਨ ਪੰਜਾਬ ਦੇ ਹੋਰ ਵਿਦਿਆਰਥੀਆਂ ਲਈ ਇੱਕ ਉਦਾਹਰਨ ਹਨ। ਵਿਦੇਸ਼ ‘ਚ ਜਾ ਕੇ ਨਾ ਸਿਰਫ਼ ਉਨ੍ਹਾਂ ਨੇ ਆਪਣਾ ਸੁਨਹਿਰਾ ਭਵਿੱਖ ਬਣਾਇਆ, ਬਲਕਿ ਉਨ੍ਹਾਂ ਨੇ ਆਪਣੇ ਪੰਜਾਬੀ ਹੋਣ ‘ਤੇ ਮਾਣ ਵੀ ਮਹਿਸੂਸ ਕਰਵਾਇਆ। ਉਨ੍ਹਾਂ ਨੇ ਕਿਹਾ ਕਿ ਇਹ ਸਾਰੇ ਨੌਜਵਾਨਾਂ ਲਈ ਇੱਕ ਸਿੱਖਿਆ ਹੈ ਕਿ ਮਿਹਨਤ ਅਤੇ ਦ੍ਰਿੜ਼ ਇਰਾਦਿਆਂ ਨਾਲ ਕਿਸੇ ਵੀ ਖੇਤਰ ‘ਚ ਵੱਡੀ ਸਫਲਤਾ ਹਾਸਲ ਕੀਤੀ ਜਾ ਸਕਦੀ ਹੈ। ਮਨਦੀਪ ਸਿੰਘ ਨੇ ਆਪਣੀ ਸਫਲਤਾ ‘ਤੇ ਖੁਸ਼ੀ ਜਤਾਉਂਦੇ ਹੋਏ ਕਿਹਾ ਕਿ ਉਹ ਅਜੇ ਹੋਰ ਉੱਚਾਈਆਂ ਹਾਸਲ ਕਰਨ ਦੀ ਇੱਛਾ ਰੱਖਦੇ ਹਨ। ਉਨ੍ਹਾਂ ਨੇ ਕਿਹਾ ਕਿ ਉਹ ਪੰਜਾਬੀਆਂ ਦੀ ਸ਼ਾਨ ਅਤੇ ਇੱਜ਼ਤ ਨੂੰ ਵਿਦੇਸ਼ਾਂ ਵਿੱਚ ਵੀ ਕਾਇਮ ਰਖਣ ਲਈ ਹਮੇਸ਼ਾ ਯਤਨਸ਼ੀਲ ਰਹਿਣਗੇ।
ਟੋਰਾਂਟੋ ਤੋਂ ਦਿਲਬਾਗ ਸੰਧੂ ਢੰਡੀਆਂ , ਜੱਸੀ ਢੰਡੀਆਂ ਜਰਮਨ ਢੰਡੀਆਂ ,ਸੁਖਜੀਤ ਕੰਗ , ਬਲਜਿੰਦਰ ਸੇਖਾ , ਗੋਲਡੀ ਸੇਖਾ ਜ਼ੀਰਾ ,ਗੁਰਸ਼ਰਨ ਸੰਧੂ ਕੁਲਗੜੀ , ਗੁਰਮੀਤ ਬਰਾੜ ਗੱਜਣਵਾਲਾ ਆਦਿ ਨੇ ਪਰਿਵਾਰ ਨਾਲ ਖੁਸ਼ੀਆਂ ਸਾਂਝੀਆਂ ਕੀਤੀਆਂ ।