ਮੁੰਬਈ: ਭਾਰਤੀ ਫਿਲਮੀ ਦੁਨੀਆ ਦੇ 70ਵੇਂ ਅਤੇ 80ਵੇਂ ਦਹਾਕੇ ਵਿੱਚ ਨਾਮ ਕਮਾਉਣ ਵਾਲੀ ਫ਼ਿਲਮ ਅਦਾਕਾਰਾ ਜ਼ੀਨਤ ਅਮਾਨ ਨੇ ਸੋਸ਼ਲ ਮੀਡੀਆ ਅਕਾਊਂਟ ’ਤੇ ਸ਼ਸ਼ੀ ਕਪੂਰ ਨਾਲ ਸ਼ੂਟਿੰਗ ਦੌਰਾਨ ਬਿਤਾਏ ਪਲਾਂ ਨੂੰ ਯਾਦ ਕੀਤਾ। ਅਦਾਕਾਰਾ ਨੇ ਇੰਸਟਾਗ੍ਰਾਮ ’ਤੇ ਰਾਜ ਕਪੂਰ ਦੇ ਨਿਰਦੇਸ਼ਨ ਹੇਠ 1978 ਵਿੱਚ ਬਣੀ ਫਿਲਮ ‘ਸਤਿਅਮ ਸ਼ਿਵਮ ਸੁੰਦਰਮ’ ਵਿਚਲੇ ਸਹਿ-ਅਦਾਕਾਰ ਸ਼ਸ਼ੀ ਕਪੂਰ ਨਾਲ ਗੀਤ ‘ਚੰਚਲ ਸ਼ੀਤਲ ਨਿਰਮਲ ਕੋਮਲ’ ਦੀ ਸ਼ੂਟਿੰਗ ਦੀ ਇੱਕ ਤਸਵੀਰ ਸਾਂਝੀ ਕਰਦਿਆਂ ਲਿਖਿਆ, ‘‘ਸ਼ਸ਼ੀ ਜੀ ਤੇ ਮੈਂ ‘ਚੰਚਲ ਸ਼ੀਤਲ ਨਿਰਮਲ ਕੋਮਲ’ ਗਾਣੇ ਦੀ ਸ਼ੂਟਿੰਗ ਦੌਰਾਨ। ਬਹੁਤ ਘੱਟ ਲੋਕ ਪਰਦੇ ਦੇ ਪਿੱਛੇ ਦੀ ਕਹਾਣੀ ਜਾਣਦੇ ਹਨ। ਮੇਰੇ ਨਿਰਦੇਸ਼ਕ ਰਾਜ ਜੀ ਸਨ, ਜੋ ਸ਼ਾਸਤਰੀ ਨ੍ਰਿਤ ਬਾਰੇ ਬਹੁਤ ਕੁੱਝ ਜਾਣਦੇ ਹਨ। ਰਾਜ ਕਪੂਰ ਨਾਲ ਇਹ ਮੇਰੀ ਪਹਿਲੀ ਫਿਲਮ ਸੀ ਅਤੇ ਮੈਨੂੰ ਨੱਚਣਾ ਨਾ ਆਉਂਦਾ ਹੋਣ ਕਾਰਨ ਮੈਂ ਸ਼ਾਸਤਰੀ ਨ੍ਰਿਤ ਦੀ ਕਲਪਨਾ ਵੀ ਨਹੀਂ ਕਰ ਸਕਦੀ ਸੀ। ਜਦੋਂ ਰਾਜ ਜੀ ਨੇ ਮੈਨੂੰ ਗਾਣੇ ਬਾਰੇ ਦੱਸਿਆ ਤਾਂ ਮੇਰੀਆਂ ਅੱਖਾਂ ’ਚ ਹੰਝੂ ਆ ਗਏ। ਮੈਂ ਉਨ੍ਹਾਂ ਨੂੰ ਆਪਣੀ ਸਥਿਤੀ ਸਮਝਾਈ ਤਾਂ ਰਾਜ ਜੀ ਹੱਸ ਪਏ। ਉਨ੍ਹਾਂ ਮਸ਼ਹੂਰ ਕੋਰੀਓਗ੍ਰਾਫਰ ਸੋਹਨ ਲਾਲ ਨੂੰ ਮੈਨੂੰ ਸਿਖਾਉਣ ਲਈ ਕਿਹਾ। ਮੈਂ ਅਪੀਲ ਕਰਾਂਗੀ ਕਿ ਤੁਸੀਂ ਇਹ ਵੀਡੀਓ ਯੂ-ਟਿਊਬ ’ਤੇ ਦੇਖੋ।’’ ਫਿਲਮ ਦਾ ਇਹ ਗੀਤ ਮਸ਼ਹੂਰ ਗਾਇਕ ਮੁਕੇਸ਼ ਨੇ ਗਾਇਆ ਸੀ।