ਬਾਪੂ ਧਨ ਸਿੰਹੁ ਨੇ ਮੋਰਚੇ ਤੋਂ ਪਰਤਦਿਆਂ ਸਾਰ ਆਪਣੇ ਲਾਡਲੇ ਪੋਤੇ ਨੂੰ ਆਵਾਜ਼ ਮਾਰੀ, ‘‘ਓਏ ਸੁੱਖੂਆ, ਆ ਪੁੱਤ ਮੇਰੀਆਂ ਲੱਤਾਂ ਘੁੱਟ ਤੇ ਹੁਣ ਤੂੰ ਵੀ ਕੱਲ੍ਹ ਨੂੰ ਟਰਾਲੀ ਨਾਲ ਜਾਣ ਦੀ ਤਿਆਰੀ ਕਰ ਲੈ। ਮੇਰੇ ਇਸ ਦੁਨੀਆਂ ਤੋਂ ਜਾਣ ਤੋਂ ਬਾਅਦ ਘਰ ਦੀ ਜ਼ਿੰਮੇਵਾਰੀ ਤੇਰੀ ਐ ਸ਼ੇਰਾ। ਜੇ ਤੇਰਾ ਪਿਉ ਜਿਉਂਦਾ ਹੁੰਦਾ ਤਾਂ…’’ ਐਨਾ ਆਖ ਬਾਪੂ ਦਾ ਗੱਚ ਭਰ ਆਇਆ ਤੇ ਕਿੰਨਾ ਚਿਰ ਯਾਦ ਕਰਦਾ ਰਿਹਾ ਉਸ ਕੁਲਹਿਣੀ ਘੜੀ ਨੂੰ ਜਦ ਉਸ ਦਾ ਜੁਆਨ ਪੁੱਤ ਕਰਜ਼ੇ ਦੀ ਦਲਦਲ ਵਿੱਚ ਧਸ ਕੇ ਹੱਸਦੇ-ਵੱਸਦੇ ਪਰਿਵਾਰ ਨੂੰ ਛੱਡ ਕੇ ਦੁਨੀਆਂ ਤੋਂ ਸਦਾ ਲਈ ਕੂਚ ਕਰ ਗਿਆ ਸੀ।
ਸੁੱਖੂ ਕਿੰਨਾ ਚਿਰ ਦਾਦੇ ਦੀਆਂ ਲੱਤਾਂ ਘੁੱਟਦਾ ਰਿਹਾ ਤੇ ਦਾਦਾ ਜੁਆਨ ਹੋ ਰਹੇ ਪੋਤੇ ਦੀ ਪਿੱਠ ’ਤੇ ਹੱਥ ਫੇਰ ਕੇ ਚੱਲ ਰਹੇ ਕਿਸਾਨੀ ਸੰਘਰਸ਼ ਨੂੰ ਨਿਹਾਰਦਾ ਹੋਇਆ ਖ਼ਤਰਨਾਕ ਭਵਿੱਖ ਦੀ ਸੰਭਾਵਨਾ ਨੂੰ ਜ਼ਿਹਨ ’ਚ ਲਿਆ ਕੇ ਹਜ਼ਾਰਾਂ ਤੰਗੀਆਂ-ਤੁਰਸ਼ੀਆਂ ਤੋਂ ਬਾਅਦ ਆਪਣੇ ਹਿੱਸੇ ਦੀ ਬਚੀ-ਖੁਚੀ ਜ਼ਮੀਨ ਸੁੱਖੂ ਦੇ ਨਾਂਅ ਕਰਵਾਉਣ ਦੀਆਂ ਵਿਉਂਤਾਂ ਘੜਦਾ ਹੀ ਨੀਂਦ ਦੇ ਸਮੁੰਦਰ ਵਿੱਚ ਗੋਤੇ ਖਾਣ ਲੱਗਾ।
ਸੁੱਖੂ ਨੇ ਸਵੇਰੇ ਸਾਝਰੇ ਹੀ ਦਾਦੀ ਤੇ ਦਾਦੇ ਨਾਲ ਕੰਮ ’ਚ ਹੱਥ ਵਟਾਉਣ ਤੋਂ ਬਾਅਦ ਚਾਈਂ-ਚਾਈਂ ਟਰਾਲੀ ’ਚ ਬੈਠ ਦਿੱਲੀ ਵੱਲ ਨੂੰ ਵਹੀਰਾਂ ਘੱਤ ਦਿੱਤੀਆਂ। ਟਰਾਲੀ ਵਾਲਿਆਂ ਨੇ ਉੱਥੇ ਹਫ਼ਤਾ ਭਰ ਰਹਿਣਾ ਸੀ। ਦਾਦਾ ਦਾਦੀ ਹਰ ਰੋਜ਼ ਸ਼ਾਮ ਨੂੰ ਆਪਣੇ ਦਿਲ ਦੇ ਟੁਕੜੇ ਨਾਲ ਗੱਲਾਂ ਕਰਨ ਤੋਂ ਬਾਅਦ ਬਿਸਤਰੇ ’ਚ ਵੜਦੇ ਸੀ ਤੇ ਸੁੱਖੂ ਨੂੰ ਤਾਕੀਦਾਂ ਕਰਦੇ ਰਹਿੰਦੇ ਕਿ ਏਧਰ-ਓਧਰ ਨਹੀਂ ਜਾਣਾ, ਸਿਰਫ਼ ਆਪਣੇ ਪਿੰਡੋਂ ਗਏ ਚਾਚਿਆਂ, ਤਾਇਆਂ ਦੇ ਨਾਲ ਹੀ ਰਹਿਣਾ ਹੈ। ਅੰਤ ਪਿੰਡੋਂ ਗਈ ਟਰਾਲੀ ਨੇ ਪਿੰਡ ਪਰਤਣ ਦੀ ਤਿਆਰੀ ਕਰ ਲਈ। ਦਾਦੇ ਤੇ ਦਾਦੀ ਦਾ ਚਾਅ ਆਪਣੇ ਪੋਤੇ ਨੂੰ ਮਿਲਣ ਲਈ ਛੱਲਾਂ ਮਾਰ ਰਿਹਾ ਸੀ।
ਇੰਨੇ ਚਿਰ ਨੂੰ ਬਾਪੂ ਧਨ ਸਿੰਹੁ ਨੂੰ ਪਿੰਡੋਂ ਕਿਸੇ ਨੇ ਆ ਕੇ ਖ਼ਬਰ ਦਿੱਤੀ ਕਿ ਸੁੱਖੂ ਹੋਰਾਂ ਦੀ ਟਰਾਲੀ ਦਾ ਐਕਸੀਡੈਂਟ ਹੋ ਗਿਆ। ਬਾਕੀ ਤਾਂ ਸਾਰੇ ਠੀਕ ਨੇ, ਪਰ ਸੁੱਖੂ ਹਸਪਤਾਲ ਵਿੱਚ ਦਾਖ਼ਲ ਹੈ। ‘‘ਵਾਹ ਉਏ ਡਾਢਿਆ ਰੱਬਾ!!’’ ਇੰਨਾ ਆਖ ਬਾਪੂ ਧਨ ਸਿੰਹੁ ਨੇ ਦੁਹੱਥੜ ਮਾਰੀ ਤੇ ਧਰਤੀ ’ਤੇ ਬੈਠ ਮੁੜ ਨਾ ਉੱਠਿਆ…। ਅਗਲੇ ਦਿਨ ਸਿਵਿਆਂ ’ਚ ਬਾਪੂ ਦੀ ਚਿਤਾ ਨੂੰ ਅੱਗ ਦਿਖਾਉਣ ਤੋਂ ਬਾਅਦ ਸੁੱਖੂ ਨੇ ਆਪਣੇ ਦਾਦੇ ਦੇ ਸਿਰ ਦੀ ਪੱਗ ਆਪਣੇ ਜ਼ਖ਼ਮੀ ਸਿਰ ’ਤੇ ਬੰਨ੍ਹ ਕੇ ਮੁੜ ਮੋਰਚੇ ’ਚ ਜਾਣ ਦੀ ਤਿਆਰੀ ਕਰ ਲਈ ਤਾਂ ਕਿ ਬਾਪੂ ਧਨ ਸਿੰਹੁ ਦੇ ‘ਘਰ ਦੀ ਜ਼ਿੰਮੇਵਾਰੀ’ ਸੰਭਾਲਣ ਵਾਲੇ ਬੋਲ ਪੁਗਾ ਸਕੇ। ਹੁਣ ਫੇਰ ਸੁੱਖੂ ਦਾਦੇ ਦੇ ਕੁੜਤੇ ਪਜਾਮੇ ਨੂੰ ਝੋਲੇ ’ਚ ਪਾ ਸਭ ਤੋਂ ਮੂਹਰੇ ਦਿੱਲੀ ਨੂੰ ਜਾਣ ਵਾਲੀ ਟਰਾਲੀ ਵਿੱਚ ਬੈਠ ਚੁੱਕਿਆ ਸੀ।
– ਮਨਜਿੰਦਰ ਸਿੰਘ ਸਰੌਦ