ਹਰਾਰੇ, 24 ਜਨਵਰੀ

ਜ਼ਿੰਬਾਬਵੇ ਦੇ ਸਾਬਕਾ ਵਿਕਟਕੀਪਰ-ਬੱਲੇਬਾਜ਼ ਬ੍ਰੈਂਡਨ ਟੇਲਰ ਨੇ ਦਾਅਵਾ ਕੀਤਾ ਹੈ ਕਿ ਇੱਕ ਭਾਰਤੀ ਕਾਰੋਬਾਰੀ ਨੇ ਉਸ ਨੂੰ ਕੌਮਾਂਤਰੀ ਮੈਚ ਲਈ ਮੈਚ ਫਿਕਸ ਕਰਨ ਲਈ ਮਜਬੂਰ ਕਰਨ ਦੀ ਕੋਸ਼ਿਸ਼ ਕਰਦਿਆਂ ਧਮਕੀ ਦਿੱਤੀ ਕਿ ਜੇ ਉਹ ਉਸ ਦਾ ਹੁਕਮ ਨਹੀਂ ਮੰਨੇਗਾ ਤਾਂ ਉਹ ਉਸ ਦੀ ਕੋਕੀਨ ਲੈਂਦੇ ਹੋਏ ਦੀ ਵੀਡੀਓ ਜਨਤਕ ਕਰ ਦੇਵੇਗਾ। ਪਿਛਲੇ ਸਾਲ ਸਤੰਬਰ ’ਚ ਕੌਮਾਂਤਰੀ ਕ੍ਰਿਕਟ ਤੋਂ ਸੰਨਿਆਸ ਲੈਣ ਵਾਲੇ 35 ਸਾਲਾ ਟੇਲਰ ਨੇ ਅੱਜ ਸੋਸ਼ਲ ਮੀਡੀਆ ’ਤੇ ਚਾਰ ਪੰਨਿਆਂ ਦਾ ਇਕ ਪੱਤਰ ਪੋਸਟ ਕੀਤਾ ਜਿਸ ’ਚ ਉਸ ਨੇ ਦੱਸਿਆ ਕਿ ਕਿਵੇਂ ਅਕਤੂਬਰ 2019 ’ਚ ਇਕ ਕਾਰੋਬਾਰੀ ਨੇ ਉਸ ਨੂੰ ਫਸਾਇਆ ਸੀ। ਟੇਲਰ ਨੇ ਕਿਹਾ ਕਿ ਪੈਸੇ ਦੀ ਘਾਟ ਕਾਰਨ ਉਸ ਨੇ ਭਾਰਤ ਜਾਣ ਦੀ ਪੇਸ਼ਕਸ਼ ਸਵੀਕਾਰ ਕਰ ਲਈ, ਕਿਉਂਕਿ ਜ਼ਿੰਬਾਬਵੇ ਕ੍ਰਿਕਟ ਨੇ ਛੇ ਮਹੀਨਿਆਂ ਤੋਂ ਤਨਖਾਹ ਨਹੀਂ ਦਿੱਤੀ ਸੀ।