ਮੁੰਬਈ:ਆਉਣ ਵਾਲੀ ਸੀਰੀਜ਼ ‘ਦਿ ਟਰਾਇਲ- ਪਿਆਰ, ਕਾਨੂੰਨ, ਧੋਖਾ’ ਵਿੱਚ ਵਕੀਲ ਨੋਯੋਨਿਕਾ ਸੇਨਗੁਪਤਾ ਦਾ ਕਿਰਦਾਰ ਨਿਭਾਉਣ ਵਾਲੀ ਅਦਾਕਾਰਾ ਕਾਜੋਲ ਨੇ ਹੁਣ ਤੱਕ ਉਸ ਵੱਲੋਂ ਲਏ ਗਏ ਮੁਸ਼ਕਲ ਫ਼ੈਸਲਿਆਂ ਬਾਰੇ ਵਿਚਾਰ ਸਾਂਝੇ ਕੀਤੇ। ਸ਼ੋਅ ਵਿੱਚ ਜ਼ਿੰਦਗੀ ਉਸ ਨੂੰ ਇੱਕ ਅਜਿਹੇ ਗੁੰਝਲਦਾਰ ਮੋੜ ’ਤੇ ਲਿਆਉਂਦੀ ਹੈ, ਜਿੱਥੇ ਉਸ ਦਾ ਹਰ ਕਦਮ ਨਾ ਸਿਰਫ ਉਸ ਲਈ ਸਗੋਂ ਉਸ ਦੇ ਆਲੇ-ਦੁਆਲੇ ਦੇ ਲੋਕਾਂ ਲਈ ਵੀ ਵੱਡਾ ਬਦਲਾਅ ਲਿਆਉਂਦਾ ਹੈ। ਜ਼ਿੰਦਗੀ ਵਿੱਚ ਲਏ ਗਏ ਮੁਸ਼ਕਲ ਫ਼ੈਸਲਿਆਂ ਬਾਰੇ ਕਾਜੋਲ ਨੇ ਕਿਹਾ, ‘‘ਮੇਰੀ ਜ਼ਿੰਦਗੀ ਵਿੱਚ ਅਜਿਹੇ ਕਈ ਹਾਲਾਤ ਬਣੇ, ਜਿਨ੍ਹਾਂ ਨੇ ਮੈਨੂੰ ਸਖ਼ਤ ਫ਼ੈਸਲੇ ਲੈਣ ਲਈ ਮਜਬੂਰ ਕੀਤਾ। ਆਪਣੇ ਕਰੀਅਰ ਦੇ ਸਿਖਰ ’ਤੇ ਵਿਆਹ ਕਰਵਾਉਣਾ ਅਤੇ ਫਿਲਮ ਜਗਤ ਵਿੱਚ ਆਉਣਾ ਵੀ ਮੇਰੇ ਲਈ ਵੱਡਾ ਫ਼ੈਸਲਾ ਸੀ ਕਿਉਂਕਿ ਮੈਨੂੰ ਪਤਾ ਨਹੀਂ ਸੀ ਕਿ ਮੈਂ ਫਿਲਮੀ ਦੁਨੀਆ ਵਿੱਚ ਆਉਣਾ ਚਾਹੁੰਦੀ ਹਾਂ ਜਾਂ ਨਹੀਂ।’’ ਉਸ ਨੇ ਕਿਹਾ, ‘‘ਮੈਨੂੰ ਯਾਦ ਹੈ ਕਿ ਮੇਰੇ ਪਿਤਾ ਨੇ ਮੈਨੂੰ ਉਸ ਸਮੇਂ ਧਿਆਨ ਨਾਲ ਸੋਚਣ ਲਈ ਕਿਹਾ ਸੀ ਕਿਉਂਕਿ ਇੱਕ ਵਾਰ ਫ਼ੈਸਲੇ ਲੈਣ ਮਗਰੋਂ ਪਿੱਛੇ ਨਹੀਂ ਹਟਿਆ ਜਾ ਸਕਦਾ। ਮੈਂ ਉਦੋਂ ਸੋਚਦੀ ਸੀ ਕਿ ਨਹੀਂ, ਅਜਿਹਾ ਨਹੀਂ ਹੁੰਦਾ। ਪਰ ਸਮੇਂ ਨੇ ਸਾਬਤ ਕਰ ਦਿੱਤਾ ਕਿ ਉਹ ਸਹੀ ਸਨ।’’ ਸ਼ੋਅ ਵਿੱਚ ਸ਼ੀਬਾ ਚੱਢਾ, ਯਿਸ਼ੂ ਸੇਨਗੁਪਤਾ, ਅਲੀ ਖਾਨ, ਕੁਬਰਾ ਸੈਤ ਅਤੇ ਗੌਰਵ ਪਾਂਡੇ ਵੀ ਅਹਿਮ ਭੂਮਿਕਾਵਾਂ ’ਚ ਨਜ਼ਰ ਆਉਣਗੇ। ਇਹ ਸ਼ੋਅ 14 ਜੁਲਾਈ ਨੂੰ ਡਿਜ਼ਨੀ ਪਲੱਸ ਹੌਟਸਟਾਰ ’ਤੇ ਰਿਲੀਜ਼ ਹੋਵੇਗਾ।