ਪੱਟੀ, 10 ਦਸੰਬਰ
ਅਣਪਛਾਤਿਆਂ ਵੱਲੋਂ ਤੜਕਸਾਰ ਨੈਸ਼ਨਲ ਹਾਈਵੇ 54 ’ਤੇ ਸਥਿਤ ਥਾਣਾ ਸਰਹਾਲੀ (ਜ਼ਿਲ੍ਹਾ ਤਰਨ ਤਾਰਨ) ਦੀ ਇਮਾਰਤ ’ਤੇ ਰਾਕੇਟ ਲਾਂਚਰ ਆਰਪੀਜੀ ਨਾਲ ਹਮਲਾ ਕੀਤਾ ਗਿਆ। ਆਰਪੀਜੀ ਥਾਣੇ ਦੇ ਮੁੱਖ ਗੇਟ ਵਿੱਚ ਵੱਜਣ ਤੋਂ ਬਾਅਦ ਥਾਣੇ ਦੀ ਸਾਂਝ ਕੇਂਦਰ ਇਮਾਰਤ ਵਿੱਚ ਲੱਗਾ, ਜਿਸ ਕਾਰਨ ਕੇਂਦਰ ਦਾ ਸ਼ੀਸ਼ਾ ਟੁੱਟ ਗਿਆ। ਹਮਲੇ ਦੌਰਾਨ ਥਾਣੇ ਅੰਦਰ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਮਹੀਨਾ ਪਹਿਲਾ ਹੀ ਪੱਤਰ ਜਾਰੀ ਕਰਕੇ ਜ਼ਿਲ੍ਹਾ ਪੁਲੀਸ ਮੁਖੀ ਵੱਲੋਂ ਅਜਿਹਾ ਹਮਲਾ ਹੋਣ ਸਬੰਧੀ ਸਮੁੱਚੀ ਪੁਲੀਸ ਨੂੰ ਹਾਈ ਅਲਰਟ ਕੀਤਾ ਗਿਆ ਸੀ। ਥਾਣਾ ਸਰਹਾਲੀ ਅੰਦਰ ਡੀਜੀਪੀ ਪੰਜਾਬ ਗੌਰਵ ਯਾਦਵ ਤੇ ਪੁਲੀਸ ਤੇ ਖੁਫ਼ੀਆਂ ਵਿਭਾਗ ਦੇ ਉੱਚ ਅਧਿਕਾਰੀਆਂ ਸਮੇਤ ਜ਼ਿਲ੍ਹਾ ਤਰਨਤਾਰਨ ਦੇ ਐੱਸਐੱਸਪੀ ਗੁਰਮੀਤ ਚੌਹਾਨ ਮੌਕੇ ’ਤੇ ਪਹੁੰਚੇ ਤੇ ਘਟਨਾ ਦਾ ਜਾਇਜ਼ਾ ਲਿਆ।