ਚੰਡੀਗੜ੍ਹ, ਸੂਬੇ ਦੇ ਲੋਕਾਂ ਦਾ ਰਵਾਇਤੀ ਪਾਰਟੀਆਂ ਤੋਂ ਖਹਿੜਾ ਛੁਡਵਾਉਣ ਲਈ ਤੀਸਰਾ ਬਦਲ ਦੇਣ ਦੇ ਦਾਅਵੇ ਕਰ ਕੇ ਉਸਾਰਿਆ ਗਿਆ ਪੰਜਾਬ ਜਮਹੂਰੀ ਗੱਠਜੋੜ (ਪੀਡੀਏ) ਮਹਿਜ਼ ਚਾਰ ਜ਼ਿਮਨੀ ਚੋਣਾਂ ਵਿਚ ਵੀ ਇਕਸੁਰ ਨਹੀਂ ਰਹਿ ਸਕਿਆ। ਪੀਡੀਏ ਵਿਚ ਸ਼ਾਮਲ ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਨੇ ਜਿੱਥੇ ਹਲਕਾ ਫਗਵਾੜਾ ਵਿਚ ਉਤਾਰੇ ਆਪਣੇ ਉਮੀਦਵਾਰ ਜਰਨੈਲ ਸਿੰਘ ਨੰਗਲ ਨੂੰ ਵਾਪਸ ਲੈਣ ਤੋਂ ਨਾਂਹ ਕਰ ਦਿੱਤੀ ਹੈ, ਉਥੇ ਹੀ ਬਹੁਜਨ ਸਮਾਜ ਪਾਰਟੀ (ਬਸਪਾ) ਪੰਜਾਬ ਦੇ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਨੇ ਵੀ ਫਗਵਾੜਾ ਵਿਚ ਆਪਣੇ ਉਮੀਦਵਾਰ ਠੇਕੇਦਾਰ ਭਗਵਾਨ ਦਾਸ ਸਿੱਧੂ ਨੂੰ ਬਰਕਰਾਰ ਰੱਖਿਆ ਹੈ। ਪੀਡੀਏ ਦੀ ਲੀਡਰਸ਼ਿਪ ਨੂੰ ਆਸ ਸੀ ਕਿ ਸ੍ਰੀ ਬੈਂਸ ਗੱਠਜੋੜ ਦੀ ਭਾਵਨਾ ਅਨੁਸਾਰ ਫਗਵਾੜਾ ਤੋਂ ਆਪਣਾ ਉਮੀਦਵਾਰ ਵਾਪਸ ਲੈ ਲੈਣਗੇ ਪਰ ਅੱਜ ਕਾਗਜ਼ ਵਾਪਸ ਲੈਣ ਦੇ ਅਖ਼ੀਰਲੇ ਦਿਨ ਵੀ ਉਨ੍ਹਾਂ ਕਾਗਜ਼ ਵਾਪਸ ਨਹੀਂ ਲਏ, ਜਿਸ ਕਰਕੇ ਹੁਣ ਪੀਡੀਏ ਦਾ ਇਕਸੁਰ ਹੋਣ ਦਾ ਸਮਾਂ ਲੰਘ ਗਿਆ ਹੈ। ਪੀਡੀਏ ਨੇ 4 ਜ਼ਿਮਨੀ ਚੋਣਾਂ ਵਿਚੋਂ ਹਲਕਾ ਮੁਕੇਰੀਆਂ ਨੂੰ ਛੱਡ ਕੇ 3 ਸੀਟਾਂ ਦਾਖਾ, ਫਗਵਾੜਾ ਅਤੇ ਜਲਾਲਾਬਾਦ ਲੜਨ ਦਾ ਫ਼ੈਸਲਾ ਲਿਆ ਸੀ, ਜਿਸ ਤਹਿਤ ਲੋਕ ਇਨਸਾਫ਼ ਪਾਰਟੀ ਨੇ ਹਲਕਾ ਦਾਖਾ ਤੇ ਫਗਵਾੜਾ ਤੋਂ ਚੋਣ ਲੜਨ ਦਾ ਦਾਅਵਾ ਪੇਸ਼ ਕੀਤਾ ਸੀ। ਦੂਸਰੇ ਪਾਸੇ ਬਸਪਾ ਨੇ ਵੀ ਹਲਕਾ ਫਗਵਾੜਾ ਤੋਂ ਚੋਣ ਲੜਨ ਦਾ ਦਾਅਵਾ ਕੀਤਾ ਸੀ। ਪੀਡੀਏ ਨੇ ਜਲਾਲਾਬਾਦ ਦੀ ਸੀਟ ਸੀਪੀਆਈ ਲਈ ਛੱਡ ਦਿੱਤੀ ਸੀ ਪਰ ਇਸ ਪਾਰਟੀ ਨੇ ਆਪਣਾ ਉਮੀਦਵਾਰ ਹੀ ਨਹੀਂ ਉਤਾਰਿਆ, ਜਿਸ ਕਾਰਨ ਪੀਡੀਏ ਇਨ੍ਹਾਂ ਚੋਣਾਂ ਵਿਚ 4 ਵਿਚੋਂ ਕੇਵਲ ਦੋ ਸੀਟਾਂ ਤੱਕ ਹੀ ਸਿਮਟ ਗਿਆ ਹੈ।
ਪੀਡੀਏ ਵਿਚ ਸ਼ਾਮਲ ਨਵਾਂ ਪੰਜਾਬ ਪਾਰਟੀ ਦੇ ਮੁਖੀ ਡਾਕਟਰ ਧਰਮਵੀਰ ਗਾਂਧੀ, ਪੰਜਾਬ ਏਕਤਾ ਪਾਰਟੀ ਦੇ ਪ੍ਰਧਾਨ ਸੁਖਪਾਲ ਸਿੰਘ ਖਹਿਰਾ, ਸੀਪੀਆਈ ਦੇ ਸਕੱਤਰ ਬੰਤ ਬਰਾੜ ਅਤੇ ਆਰਐੱਮਪੀਆਈ ਦੇ ਜਨਰਲ ਸਕੱਤਰ ਮੰਗਤ ਰਾਮ ਪਾਸਲਾ ਨੇ ਸਾਫ਼ ਕੀਤਾ ਕਿ ਉਹ ਹਲਕਾ ਫਗਵਾੜਾ ਵਿਚ ਬਸਪਾ ਦੇ ਉਮੀਦਵਾਰ ਦੀ ਹੀ ਹਮਾਇਤ ਕਰਨਗੇ।
ਡਾ. ਗਾਂਧੀ ਨੇ ਕਿਹਾ ਕਿ ਪੀਡੀਏ ਦਾ ਇਨ੍ਹਾਂ ਜ਼ਿਮਨੀ ਚੋਣਾਂ ਵਿਚ ਉਤਰਨ ਦਾ ਮੁੱਖ ਮਕਸਦ ਲੋਕਾਂ ਵਿਚ ਇਹ ਵਿਸ਼ਵਾਸ ਪੈਦਾ ਕਰਨਾ ਸੀ ਕਿ ਰਵਾਇਤੀ ਪਾਰਟੀ ਦੇ ਬਦਲ ਵਜੋਂ ਉਹ ਤੀਸਰੀ ਸਿਆਸੀ ਧਿਰ ਉਸਾਰਨ ਲਈ ਇਕਜੁੱਟ ਅਤੇ ਦ੍ਰਿੜ੍ਹ ਹਨ। ਇਸ ਲਈ ਸਾਰੀਆਂ ਧਿਰਾਂ ਨੂੰ ਇਕ-ਦੂਸਰੇ ਦੀਆਂ ਭਾਵਨਾਵਾਂ ਨੂੰ ਸਮਝਦਿਆਂ ਸੀਟਾਂ ਦੀ ਵੰਡ ਕਰਨੀ ਚਾਹੀਦੀ ਸੀ ਪਰ ਉਹ ਇਸ ਵਿਚ ਕਾਮਯਾਬ ਨਹੀਂ ਹੋ ਸਕੇ। ਉਨ੍ਹਾਂ ਕਿਹਾ ਕਿ ਉਹ ਹਲਕਾ ਫਗਵਾੜਾ ਵਿਚ ਬਸਪਾ ਅਤੇ ਦਾਖਾ ਵਿਚ ਲੋਕ ਇਨਸਾਫ਼ ਪਾਰਟੀ ਦੇ ਉਮੀਦਵਾਰਾਂ ਦੀ ਹਮਾਇਤ ਵਿਚ ਪ੍ਰਚਾਰ ਕਰਨਗੇ।
ਇਸੇ ਤਰ੍ਹਾਂ ਮੰਗਤ ਰਾਮ ਪਾਸਲਾ ਅਤੇ ਬੰਤ ਬਰਾੜ ਨੇ ਵੀ ਸਾਫ਼ ਕੀਤਾ ਕਿ ਸਿਆਸੀ ਹਾਲਾਤ ਅਨੁਸਾਰ ਫਗਵਾੜਾ ਸੀਟ ਤੋਂ ਬਸਪਾ ਦੇ ਉਮੀਦਵਾਰ ਦਾ ਚੋਣ ਲੜਨਾ ਹੀ ਲਾਹੇਵੰਦ ਰਹੇਗਾ। ਸ੍ਰੀ ਖਹਿਰਾ ਨੇ ਕਿਹਾ ਕਿ ਪੀਡੀਏ ਵਿਚਲੀਆਂ ਸਾਰੀਆਂ ਧਿਰਾਂ ਦੀ ਇਕੋ ਰਾਏ ਸੀ ਕਿ ਫਗਵਾੜਾ ਸੀਟ ਬਸਪਾ ਲਈ ਛੱਡੀ ਜਾਵੇ ਪਰ ਸ੍ਰੀ ਬੈਂਸ ਇਸ ਲਈ ਸਹਿਮਤ ਨਹੀਂ ਹੋਏ, ਜਿਸ ਕਾਰਨ ਉਹ ਫਗਵਾੜਾ ਵਿਚ ਬਸਪਾ ਅਤੇ ਦਾਖਾ ਵਿਚ ਲੋਕ ਇਨਸਾਫ਼ ਪਾਰਟੀ ਦੇ ਉਮੀਦਵਾਰਾਂ ਦੀ ਹਮਾਇਤ ਕਰਨਗੇ।
ਦਰਅਸਲ ਬੈਂਸ ਭਰਾ ਲੋਕ ਸਭਾ ਚੋਣਾਂ ਤੋਂ ਬਾਅਦ ਨਿਰੰਤਰ ਪੀਡੀਏ ਤੋਂ ਦੂਰੀ ਬਣਾ ਕੇ ਲੋਕ ਇਨਸਾਫ਼ ਪਾਰਟੀ ਲਈ ਹੀ ਸਰਗਰਮੀਆਂ ਵਿੱਢ ਰਹੇ ਹਨ। ਸਿਮਰਜੀਤ ਸਿੰਘ ਬੈਂਸ ਨੂੰ ਲੋਕ ਸਭਾ ਚੋਣਾਂ ਵਿਚ ਹਲਕਾ ਲੁਧਿਆਣਾ ਤੋਂ ਭਾਰੀ ਵੋਟਾਂ ਪੈਣ ਕਾਰਨ ਉਹ ਇਨ੍ਹਾਂ ਚੋਣਾਂ ਵਿਚ ਬੜੇ ਹੌਂਸਲੇ ਵਿਚ ਹਨ। ਸ੍ਰੀ ਬੈਂਸ ਨੂੰ ਲੋਕ ਸਭਾ ਚੋਣਾਂ ਦੌਰਾਨ ਵਿਧਾਨ ਸਭਾ ਹਲਕਾ ਦਾਖਾ ਤੋਂ ਕਾਂਗਰਸ ਅਤੇ ਅਕਾਲੀ ਦਲ-ਭਾਜਪਾ ਗੱਠਜੋੜ ਤੋਂ ਵੱਧ ਵੋਟਾਂ ਮਿਲੀਆਂ ਸਨ।

ਹਲਕਾ ਦਾਖਾ ਬਾਰੇ ਬਸਪਾ ਭਲਕੇ ਫ਼ੈਸਲਾ ਲਵੇਗੀ
ਬਸਪਾ ਪੰਜਾਬ ਦੇ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਨੇ ਕਿਹਾ ਕਿ ਫਿਲਹਾਲ ਪਾਰਟੀ ਨੇ ਹਲਕਾ ਦਾਖਾ ਤੋਂ ਕਿਸੇ ਵੀ ਪਾਰਟੀ ਨੂੰ ਹਮਾਇਤ ਦੇਣ ਦਾ ਫ਼ੈਸਲਾ ਨਹੀਂ ਲਿਆ। ਉਨ੍ਹਾਂ ਦੱਸਿਆ ਕਿ 5 ਅਕਤੂਬਰ ਨੂੰ ਪਾਰਟੀ ਦੀ ਜ਼ਿਲ੍ਹਾ ਲੁਧਿਆਣਾ ਇਕਾਈ ਦੀ ਮੀਟਿੰਗ ਸੱਦੀ ਹੈ, ਜਿਸ ਵਿਚ ਫ਼ੈਸਲਾ ਲਿਆ ਜਾਵੇਗਾ ਕਿ ਉੱਥੇ ਕਿਸ ਪਾਰਟੀ ਦੀ ਹਮਾਇਤ ਕਰਨੀ ਹੈ।