ਸ੍ਰੀਨਗਰ, 2  ਜੁਲਾਈ
ਜ਼ਾਇਰਾ ਵਸੀਮ ਵੱਲੋਂ ਲੰਘੇ ਦਿਨ ਚਾਣਚੱਕ ਖ਼ੁਦ ਨੂੰ ਫ਼ਿਲਮ ਇੰਡਸਟਰੀ ਤੋਂ ਵੱਖ ਕਰ ਲੈਣ ਦੇ ਫ਼ੈਸਲੇ ਨਾਲ ਕਈ ਇੰਟਰਨੈੱਟ ਵਰਤੋਂਕਾਰ ਹੈਰਾਨ ਹਨ। ਉਨ੍ਹਾਂ ਨੂੰ ਲਗਦਾ ਹੈ ਕਿ ਅਦਾਕਾਰਾ ਦਾ ਸੋਸ਼ਲ ਮੀਡੀਆ ਖਾਤਾ ਕਿਤੇ ਨਾ ਹੈਕ ਨਾ ਹੋ ਗਿਆ ਹੋਵੇ। ਫ਼ਿਲਮ ‘ਦੰਗਲ’ ਫੇਮ ਸਟਾਰ ਨੇ ਹਾਲਾਂਕਿ ਖਾਤਾ ਹੈਕ ਹੋਣ ਦੀਆਂ ਕਨਸੋਆਂ ਨੂੰ ਰੱਦ ਕਰਦਿਆਂ ਐਕਟਿੰਗ ਨੂੰ ਅਲਵਿਦਾ ਆਖਣ ਦੇ ਆਪਣੇ ਫੈਸਲੇ ਨੂੰ ਦੁਹਰਾਇਆ ਹੈ। ਵਸੀਮ ਨੇ ਲੋਕਾਂ ਨੂੰ ਗੁਜ਼ਾਰਿਸ਼ ਕੀਤੀ ਕਿ ਉਹ ਕੋਈ ਕਿਆਸ ਨਾ ਲਾਉਣ ਕਿਉਂਕਿ ਆਪਣੇ ਸੋਸ਼ਲ ਮੀਡੀਆ ਖਾਤਿਆਂ ਨੂੰ ਉਹ ਖੁ਼ਦ ਹੈਂਡਲ ਕਰਦੀ ਹੈ।
ਕਸ਼ਮੀਰ ਵਿੱਚ ਜਨਮੀ 18 ਸਾਲਾ ਅਦਾਕਾਰ ਨੇ ਇਕ ਟਵੀਟ ’ਚ ਕਿਹਾ, ‘ਮੈਂ ਇਹ ਸਾਫ਼ ਕਰ ਦੇਣਾ ਚਾਹੁੰਦੀ ਹਾਂ ਕਿ ਮੇਰੇ ਸੋਸ਼ਲ ਮੀਡੀਆ ਖਾਤੇ ਪੂਰੀ ਤਰ੍ਹਾਂ ਸੁਰੱਖਿਅਤ ਹਨ। ਮੈਂ ਇਨ੍ਹਾਂ ਨੂੰ ਖ਼ੁਦ ਵੇਖਦੀ ਹਾਂ। ਕ੍ਰਿਪਾ ਕਰਕੇ ਅਜਿਹੀਆਂ ਖ਼ਬਰਾਂ ਜਾਂ ਦਾਅਵਿਆਂ ’ਤੇ ਯਕੀਨ ਕਰਨ ਤੋਂ ਬਚੋ। ਧੰਨਵਾਦ।’ ਕੌਮੀ ਐਵਾਰਡ ਜੇਤੂ ਅਦਾਕਾਰਾ ਨੇ ਲੰਘੇ ਦਿਨ ਇਹ ਕਹਿੰਦਿਆਂ ਖੁ਼ਦ ਨੂੰ ਐਕਟਿੰਗ ਤੋਂ ਵੱਖ ਕਰ ਲਿਆ ਸੀ ਕਿ ਇਹ ਉਸਦੇ ਧਰਮ ਦੇ ਰਾਹ ਵਿੱਚ ਆ ਰਿਹਾ ਸੀ। ਇਸ ਦੌਰਾਨ ਜ਼ਾਇਰਾ ਦੇ ਫ਼ੈਸਲੇ ਨੇ ਸਿਆਸੀ ਸਫ਼ਾਂ ਵਿੱਚ ਵਿਚਾਰ ਚਰਚਾ ਛੇੜ ਦਿੱਤੀ ਹੈ। ਕੁਝ ਸਿਆਸੀ ਆਗੂਆਂ ਨੇ ਕਿਹਾ ਕਿ ਜਿੱਥੇ ਵਸੀਮ ਆਪਣੀ ਮਰਜ਼ੀ ਦੀ ਮਾਲਕ ਹੈ, ਉਥੇ ਕੁਝ ਨੇ ਦਾਅਵਾ ਕੀਤਾ ਕਿ ਉਸਦੀਆਂ ਟਿੱਪਣੀਆਂ ਨੇ ਤੁਅੱਸਬੀਆਂ ਨੂੰ ਨਵਾਂ ਮੁੱਦਾ ਮੁਹੱਈਆ ਕਰਵਾ ਦਿੱਤਾ ਹੈ। ਨੈਸ਼ਨਲ ਕਾਨਫਰੰਸ ਦੇ ਉਮਰ ਅਬਦੁੱਲਾ, ਕਾਂਗਰਸ ਦੇ ਤਰਜਮਾਨ ਰਣਦੀਪ ਸੁਰਜੇਵਾਲਾ, ਕਾਂਗਰਸ ਆਗੂ ਮਿਲਿੰਦ ਦਿਓੜਾ ਤੇ ਸ਼ਿਵ ਸੈਨਾ ਦੀ ਪ੍ਰਿਯੰਕਾ ਚਤੁਰਵੇਦੀ ਨੇ ਵਸੀਮ ਦੇ ਫ਼ੈਸਲੇ ਦੀ ਪੈਰਵੀ ਕੀਤੀ ਹੈ।