ਰਈਆ, 11 ਅਗਸਤ

ਅੱਜ ਇਥੇ ਕਾਂਗਰਸ ਦੇ ਸਾਬਕਾ ਪ੍ਰਧਾਨ ਅਤੇ ਮੈਂਬਰ ਰਾਜ ਸਭਾ ਸ਼ਮਸ਼ੇਰ ਸਿੰਘ ਦੂਲੋ ਨੇ ਪਿੰਡ ਮੁੱਛਲ ਵਿਖੇ ਜ਼ਹਿਰੀਲੀ ਸ਼ਰਾਬ ਨਾਲ ਮਾਰੇ ਲੋਕਾਂ ਦੇ ਪਰਿਵਾਰਾਂ ਨਾਲ ਦੁੱਖ ਸਾਂਝਾ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਆਪਣੇ ਮੰਤਰੀਆਂ ਅਤੇ ਵਿਧਾਇਕਾਂ ਨੂੰ ਨਹੀਂ ਮਿਲਦੇ, ਲੋਕਾਂ ਦੀ ਸਾਰ ਕਿਥੋਂ ਲੈਣਗੇ। ਜੇ ਲੋਕ ਅਵਾਜ਼ ਨਾ ਉਠਾਉਂਦੇ ਤਾਂ ਇੰਨਾ ਦੀ ਕਿਸੇ ਨੇ ਵੀ ਸਾਰ ਨਹੀਂ ਲੈਣੀ ਸੀ ਅਤੇ ਨਾ ਹੀ ਕੋਈ ਮੁਆਵਜ਼ਾ ਦੇਣਾ ਸੀ। ਸ਼ਰਾਬ ਦੇ ਸਮਗਲਰਾਂ ਨੂੰ ਸਮੇਂ ਸਿਰ ਹੱਥ ਪਾਇਆ ਜਾਂਦਾ ਤਾਂ ਦੁਖਾਂਤ ਵਾਪਰਨ ਤੋਂ ਰੁਕ ਸਕਦਾ ਸੀ। ਨਸ਼ੇ ਇਲਾਕੇ ਦੇ ਸਿਆਸੀ ਲੀਡਰ ਅਤੇ ਪੁਲੀਸ ਦੀ ਸ਼ਹਿ ਨਾਲ ਹੀ ਵਿਕਦੇ ਹਨ। ਪਹਿਲਾਂ ਚਿੱਟਾ ਵਿਕਦਾ ਸੀ ਹੁਣ ਨਸ਼ੀਲੀਆਂ ਗੋਲੀਆਂ ਸ਼ਰਾਬ ਥਾਂ-ਥਾਂ ’ਤੇ ਵਿਕਦੀ ਹੈ ਅਤੇ ਵੀ ਚਿੱਟਾ ਵੀ ਵਿਕ ਰਿਹਾ ਹੈ। ਮੌਤਾਂ ਦੀ ਜ਼ਿੰਮੇਵਾਰ ਮੌਜੂਦਾ ਸਰਕਾਰ ਹੈ, ਅਕਾਲੀ ਅਤੇ ਕਾਂਗਰਸ ਦੀ ਸਰਕਾਰ ਆਪਸ ਵਿਚ ਮਿਲੇ ਹੋਏ ਹਨ। ਲੋਕਾਂ ਨੇ ਦੁਖੀ ਹੋ ਕੇ ਅਕਾਲੀਆਂ ਨੂੰ ਪਾਸੇ ਕੀਤਾ ਸੀ ਪਰ ਹੁਣ ਕਾਂਗਰਸ ਦਾ ਵੀ ਉਹੋ ਹਾਲ ਹੋ ਚੁੱਕਾ ਹੈ। ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਵੱਲੋਂ ਦਿੱਤੇ ਗਏ ਬਿਆਨ ਕਿ ਪਾਰਟੀ ਵਿਚ ਰਹਿ ਕੇ ਸਰਕਾਰ ’ਤੇ ਇਲਜ਼ਾਮ ਲਾਉਣ ਵਾਲੇ ਪਾਰਟੀ ਲਈ ਗ੍ਰਹਿਣ ਹਨ, ਬਾਰੇ ਸ੍ਰੀ ਦੂਲੋ ਨੇ ਕਿਹਾ ਕਿ ਉਹ ਸੀਰੀ ਵਾਂਗ ਕੰਮ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਸੁਨੀਲ ਜਾਖੜ ਪਾਰਟੀ ਦੇ ਵਰਕਰਾਂ ਨੂੰ ਕਦੀ ਵੀ ਜਾ ਕੇ ਨਹੀਂ ਮਿਲਿਆ। ਪੰਜਾਬ ਕਾਂਗਰਸ ਦਾ ਦਫ਼ਤਰ ਬੰਦ ਹੈ ਅਤੇ ਬਾਹਰ ਰਹਿੰਦਾ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਉਸ ਦੇ ਸਮਗਲਰਾਂ ਨਾਲ ਸਬੰਧ ਹਨ। ਉਨ੍ਹਾਂ ਕਿਹਾ ਕਿ ਜ਼ਹਿਰੀਲੀ ਸ਼ਰਾਬ ਕਾਂਡ ਦੀ ਜਾਂਚ ਹਾਈਕੋਰਟ ਦੇ ਜੱਜ ਜਾਂ ਸੀਬੀਆਈ ਤੋਂ ਕਰਵਾਈ ਜਾਵੇ। ਜ਼ਹਿਰੀਲੀ ਸ਼ਰਾਬ ਪੰਜਾਬ ਤੋਂ ਇਲਾਵਾ ਦੂਸਰੇ ਰਾਜਾਂ ਵਿਚ ਵੀ ਪਹੁੰਚੀ ਹੈ। ਹਰਿਆਣੇ ਦੀ ਕੁਮਾਰੀ ਸ਼ੈਲਜਾ ਅਤੇ ਰਣਦੀਪ ਸਿੰਘ ਸੂਰਜੇਵਾਲ ਨੇ ਵੀ ਸੀਬੀਆਈ ਦੀ ਜਾਂਚ ਦੀ ਮੰਗ ਕੀਤੀ ਹੈ। ਗ਼ਰੀਬ ਲੋਕਾਂ ਨੂੰ ਫੜਿਆ ਜਾ ਰਿਹਾ ਹੈ। ਸਿਆਸੀ ਲੋਕਾਂ ਦੇ ਨਜ਼ਦੀਕੀਆਂ ਨੂੰ ਕਿਉਂ ਨਹੀਂ ਫੜਦੇ।