ਫ਼ਰੀਦਕੋਟ, ਸ਼ਹਿਰ ਵਿੱਚ ਨਗਰ ਕੌਂਸਲ ਦੀ ਜ਼ਮੀਨ ਉਤੇ ਕਥਿਤ ਤੌਰ ’ਤੇ ਨਾਜਾਇਜ਼ ਕਬਜ਼ਾ ਕਰਨ ਦੀ ਕੋਸ਼ਿਸ਼ ਦੇ ਮਾਮਲੇ ਵਿੱਚ ਅਕਾਲੀ ਦਲ ਨੇ ਅੱਜ ਪ੍ਰੈੱਸ ਕਾਨਫਰੰਸ ਕਰਕੇ ਅਹਿਮ ਦਸਤਾਵੇਜ਼ ਜਨਤਕ ਕੀਤੇ ਹਨ। ਅਕਾਲੀ ਦਲ ਦੇ ਹਲਕਾ ਇੰਚਾਰਜ ਪਰਮਬੰਸ ਸਿੰਘ ਬੰਟੀ ਰੋਮਾਣਾ, ਪੀਆਰਟੀਸੀ ਦੇ ਸਾਬਕਾ ਚੇਅਰਮੈਨ ਨਵਦੀਪ ਸਿੰਘ ਬੱਬੂ ਬਰਾੜ, ਨਗਰ ਕੌਂਸਲ ਦੀ ਪ੍ਰਧਾਨ ਉਮਾ ਗਰੋਵਰ ਤੇ ਸੀਨੀਅਰ ਅਕਾਲੀ ਆਗੂ ਲਖਵੀਰ ਸਿੰਘ ਅਰਾਈਆਂ ਵਾਲਾ ਨੇ ਦੋਸ਼ ਲਾਇਆ ਕਿ ਸ਼ਹਿਰ ਦੇ ਕੁਝ ਕਾਂਗਰਸੀ ਆਗੂਆਂ ਨੇ ਕੌਂਸਲ ਦੀ ਕਰੀਬ ਪੰਜ ਕਰੋੜ ਰੁਪਏ ਦੀ ਜਾਇਦਾਦ ਉੱਪਰ ਨਾਜਾਇਜ਼ ਕਬਜ਼ਾ ਕਰਨ ਲਈ ਕੁਝ ਦਸਤਾਵੇਜ਼ ਵੀ ਤਿਆਰ ਕੀਤੇ ਸਨ।
ਨਗਰ ਕੌਂਸਲ ਦੀ ਪ੍ਰਧਾਨ ਉਮਾ ਗਰੋਵਰ ਨੇ ਨਵਜੋਤ ਸਿੰਘ ਸਿੱਧੂ ਨੂੰ ਪੱਤਰ ਭੇਜ ਕੇ ਕਿਹਾ ਹੈ ਕਿ ਨਗਰ ਕੌਂਸਲ ਦੀ ਜ਼ਮੀਨ ਖੁਰਦ-ਬੁਰਦ ਕਰਨ ਵਿੱਚ ਕੌਂਸਲ ਦੇ ਕੁਝ ਅਧਿਕਾਰੀ ਵੀ ਸ਼ਾਮਲ ਹਨ। ਕੌਂਸਲ ਦੀ ਪ੍ਰਧਾਨ ਉਮਾ ਗਰੋਵਰ ਨੇ ਕਾਰਜਸਾਧਕ ਅਫ਼ਸਰ ਨੂੰ ਇਸ ਮਾਮਲੇ ਵਿੱਚ ਕਾਨੂੰਨੀ ਕਾਰਵਾਈ ਕਰਨ ਦੀ ਹਦਾਇਤ ਕੀਤੀ ਹੈ। ਦੂਜੇ ਪਾਸੇ, ਅਕਾਲੀ ਆਗੂ ਪਰਮਬੰਸ ਸਿੰਘ ਬੰਟੀ ਰੋਮਾਣਾ ਨੇ ਦੋ ਹਲਫ਼ੀਆ ਬਿਆਨ ਜਨਤਕ ਕੀਤੇ ਹਨ, ਜਿਨ੍ਹਾਂ ਵਿੱਚ ਨਗਰ ਕੌਂਸਲ ਦੀ ਕੀਮਤੀ ਜਗ੍ਹਾ ਕਾਂਗਰਸੀ ਆਗੂ ਵੱਲੋਂ ਖ਼ਰੀਦਣ ਦਾ ਦਾਅਵਾ ਕੀਤਾ ਗਿਆ ਹੈ। ਕੌਂਸਲ ਨੇ ਇਹ ਕੀਮਤੀ ਜਗ੍ਹਾ ਆਜ਼ਾਦੀ ਘੁਲਾਟੀਏ ਲਾਲ ਸਿੰਘ ਨੂੰ ਕਰੀਬ ਪੰਜ ਦਹਾਕੇ ਪਹਿਲਾਂ ਵਰਤਣ ਲਈ ਘੱਟ ਕਿਰਾਏ ’ਤੇ ਦਿੱਤੀ ਸੀ। ਹੁਣ 12 ਸਤੰਬਰ ਨੂੰ ਲਾਲ ਸਿੰਘ ਦੇ ਵਾਰਸਾਂ ਨੇ ਇਹ ਜਾਇਦਾਦ ਕਾਂਗਰਸੀ ਆਗੂ ਨੂੰ ਵੇਚ ਦਿੱਤੀ। ਨਗਰ ਕੌਂਸਲ ਦੇ ਅਧਿਕਾਰੀਆਂ ਨੇ ਚੁੱਪ-ਚੁਪੀਤੇ 19 ਅਕਤੂਬਰ ਨੂੰ ਪਿਛਲੇ ਬਕਾਏ ਨਿੱਲ ਕਰ ਕੇ ਰਸੀਦ ਨੰਬਰ 78 ਜਾਰੀ ਕਰ ਦਿੱਤੀ ਅਤੇ 20 ਅਕਤੂਬਰ ਨੂੰ ਕੁਝ ਕਾਂਗਰਸੀ ਆਗੂਆਂ ਨੇ ਕੌਂਸਲ ਦੀ ਕੀਮਤੀ ਜ਼ਮੀਨ ’ਤੇ ਕਬਜ਼ੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ, ਪਰ ਵਿਵਾਦ ਪੈਦਾ ਹੋਣ ਤੋਂ ਬਾਅਦ ਪੁਲੀਸ ਨੇ ਇਸ ਥਾਂ ਤੋਂ ਟਰੈਕਟਰ ਅਤੇ ਟਰਾਲੀਆਂ ਕਬਜ਼ੇ ਵਿੱਚ ਲੈ ਲਏ। ਹਾਲਾਂਕਿ ਪੁਲੀਸ ਨੇ ਅਜੇ ਤੱਕ ਕਿਸੇ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਹੈ।