ਚੰਡੀਗੜ੍ਹ, 18 ਮਈ
ਪੰਜਾਬ ਪੁਲੀਸ ਦੇ ਹੌਲਦਾਰ ਨੇ ਔਰਤ ਨੂੰ ਉਸ ਵੇਲੇ ਥੱਪੜ ਮਾਰ ਦਿੱਤਾ ਜਦੋਂ ਉਹ ਦਿੱਲੀ-ਕਟੜਾ ਨੈਸ਼ਨਲ ਹਾਈਵੇ ਲਈ ਜ਼ਮੀਨ ਐਕਵਾਇਰ ਕਰਨ ਦਾ ਵਿਰੋਧ ਕਰ ਰਹੀ ਸੀ। ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਭਾਂਬਰੀ ਵਿਖੇ ਪੁਲੀਸ ਮੁਲਾਜ਼ਮ ਵੱਲੋਂ ਮਹਿਲਾ ਨੂੰ ਥੱਪੜ ਮਾਰਨ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਈ ਹੈ। ਵਾਇਰਲ ਵੀਡਿਓ ਵਿੱਚ ਪੰਜਾਬ ਪੁਲੀਸ ਮੁਲਜ਼ਮ ਬਜ਼ੁਰਗ ਨਾਲ ਕਥਿਤ ਦੁਰਵਿਵਹਾਰ ਕਰਦੇ ਨਜ਼ਰ ਆ ਰਹੇ ਹਨ, ਜਿਸ ਦੀ ਪੱਗ ਵੀ ਲਾਹ ਦਿੱਤੀ ਗਈ। ਵੀਡੀਓ ‘ਚ ਔਰਤ ਚੀਕਦੀ ਨਜ਼ਰ ਆ ਰਹੀ ਹੈ ਕਿ ਉਸ ਬਜ਼ੁਰਗ ਛੱਡ ਦਿਓ ਕਿਉਂਕਿ ਉਹ ਬਿਮਾਰ ਹੈ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਬੁਲਾਰੇ ਗੁਰਬਚਨ ਸਿੰਘ ਚੱਬਾ ਨੇ ਕਿਹਾ ਕਿ ਸਰਕਾਰ ਜ਼ਮੀਨ ਐਕੁਆਇਰ ਕਰ ਰਹੀ ਹੈ ਪਰ ਕਿਸਾਨਾਂ ਦੀ ਇੱਛਾ ਅਨੁਸਾਰ ਬਣਦਾ ਮੁਆਵਜ਼ਾ ਨਹੀਂ ਦੇ ਰਹੀ। ਚੱਬਾ ਨੇ ਮਹਿਲਾ ਕਿਸਾਨ ’ਤੇ ਹੋਏ ਹਮਲੇ ਦੀ ਵੀ ਨਿਖੇਧੀ ਕਰਦਿਆਂ ਪੁਲੀਸ ’ਤੇ ਪ੍ਰਦਰਸ਼ਨ ਕਰ ਰਹੇ ਕਿਸਾਨਾਂ ’ਤੇ ਤਾਕਤ ਦੀ ਵਰਤੋਂ ਕਰਨ ਦਾ ਦੋਸ਼ ਲਾਇਆ।