ਬਰੈਂਪਟਨ/ਸਟਾਰ ਨਿਊਜ਼ -ਲੰਘੇ ਐਤਵਾਰ 6 ਅਕਤੂਬਰ ਨੂੰ ਚਿੰਗੂਜ਼ੀ ਪਬਲਿਕ ਸਕੂਲ ਦੇ ਥੀਏਟਰ ਹਾਲ ਵਿਚ ਜਸਪਾਲ ਢਿੱਲੋਂ ਦੀ ਨਿਰਦੇਸ਼ਨਾ ਹੇਠ ਖੇਡਿਆ ਗਿਆ ਨਾਟਕ Ḕਰਿਸ਼ਤੇḔ ਦਰਸਕਾਂ ਉੱਪਰ ਆਪਣੀ ਅਮਿੱਟ ਛਾਪ ਛੱਡ ਗਿਆ ਜਦੋਂ ਉਨ੍ਹਾਂ ਨੂੰ ਇਸ ਨਾਟਕ ਵਿਚ ਬਜ਼ੁਰਗ ਜੋੜੇ ਦੀ ਆਪਸੀ ਨੋਕ-ਝੋਕ, ਜਵਾਨੀ ਦੀਆਂ ਪੁਰਾਣੀਆਂ ਯਾਦਾਂ ਅਤੇ ਆਪਣੇ ਦੋਹਾਂ ਪੁੱਤਰਾਂ ਤੋਂ ਦੂਰ ਰਹਿੰਦਿਆਂ ਹੰਢਾਏ ਜਾ ਰਹੇ ਇਕੱਲੇਪਨ ਦੇ ਦਰਦ ਦੇ ਅਹਿਸਾਸ ਦਾ ਖ਼ੂਬਸੂਰਤ ਮਿਸ਼ਰਣ ਵੇਖਣ ਨੂੰ ਮਿਲਿਆ ਜਿਸ ਦਾ ਉਨ੍ਹਾਂ ਨੇ ਪੌਣੇ ਦੋ ਘੰਟੇ ਭਰਪੂਰ ਅਨੰਦ ਮਾਣਿਆਂ।
ਨਾਟਕ ਵਿਚ ਪੰਜਾਬ ਦੇ ਇਕ ਸ਼ਹਿਰ ਵਿਚ ਰਹਿੰਦੇ ਭਾਰਤੀ ਫ਼ੌਜ ਦੇ ਰਿਟਾਇਰਡ ਸੂਬੇਦਾਰ ਅਤੇ ਉਸ ਦੀ ਪਤਨੀ ਦੇ ਬਜ਼ੁਰਗੀ ਦਿਨਾਂ ਦੀ ਦਾਸਤਾਨ ਨੂੰ ਮੰਚ Ḕਤੇ ਬਾਖ਼ੂਬੀ ਪੇਸ਼ ਕੀਤਾ ਗਿਆ ਜਿਨ੍ਹਾਂ ਦਾ ਵੱਡਾ ਪੁੱਤਰ ਗੋਗੀ ਇੰਜੀਨੀਅਰਿੰਗ ਦੀ ਡਿਗਰੀ ਕਰਕੇ ਆਪਣੇ ਬਾਪ ਦੇ ਕਹਿਣ Ḕਤੇ ਅਮਰੀਕਾ ਚਲੇ ਜਾਂਦਾ ਹੈ, ਉੱਥੇ ਉਚੇਰੀ ਪੜ੍ਹਾਈ ਕਰਨ ਤੋਂ ਬਾਅਦ ਨੌਕਰੀ ਕਰਦਾ ਹੈ ਅਤੇ ਅਤੇ ਫਿਰ ਉੱਥੋਂ ਦਾ ਹੀ ਹੋ ਕੇ ਰਹਿ ਜਾਂਦਾ ਹੈ। ਉਹ ਉੱਥੇ ਹੀ ਇਕ ਗੋਰੀ ਲੜਕੀ ਨਾਲ ਵਿਆਹ ਕਰਵਾ ਲੈਂਦਾ ਹੈ ਅਤੇ ਭਾਰਤ ਵੱਲ ਵਾਪਸ ਮੁੜਨ ਦਾ ਨਾਂ ਨਹੀਂ ਲੈਂਦਾ। ਬਜ਼ੁਰਗ ਜੋੜੇ ਦਾ ਦੂਸਰਾ ਪੁੱਤਰ ਰਾਜਾ ਭਾਰਤੀ ਹਵਾਈ ਸੈਨਾ ਵਿਚ ਪਾਇਲਟ ਹੈ। ਗਵਾਂਢੀ ਦੇਸ਼ ਨਾਲ ਜੰਗ ਲੱਗਣ ਕਾਰਨ ਉਸ ਦੀ ਮਨਜ਼ੂਰ ਹੋਈ ਛੁੱਟੀ ਕੈਂਸਲ ਹੋ ਜਾਂਦੀ ਹੈ ਅਤੇ ਉਹ ਉਸ ਜੰਗ ਵਿਚ ਲੜਦਾ ਹੋਇਆ ਸ਼ਹੀਦੀ ਪਾ ਜਾਂਦਾ ਹੈ। ਬਜ਼ੁਰਗ ਜੋੜੇ ਦੀ ਆਪਣੇ ਦੋਹਾਂ ਪੁੱਤਰਾਂ ਦੇ ਵਿਆਹ ਰਚਾਉਣ ਦੀ ਸੱਧਰ ਉਨ੍ਹਾਂ ਦੇ ਦਿਲਾਂ ਵਿਚ ਹੀ ਰਹਿ ਜਾਂਦੀ ਹੈ। ਉਹ ਕਦੇ ਆਪਣੀ ਕਿਸਮਤ ਨੂੰ ਅਤੇ ਕਦੀ ਦੋਹਾਂ ਦੇਸ਼ਾਂ ਵਿਚ ਲੱਗਦੀਆਂ ਲੜਾਈਆਂ ਨੂੰ ਕੋਸਦੇ ਹਨ। ਰੋਂਦੀ ਹੋਈ ਮਾਂ ਦਾ ਵਿਰਲਾਪ ਝੱਲਿਆ ਨਹੀਂ ਜਾਂਦਾ ਜਦੋਂ ਉਹ ਕਹਿੰਦੀ ਹੈ, “ਜੰਗਾਂ ਵਿਚ ਮਰਦੇ ਤਾਂ ਦੋਹੀਂ ਪਾਸੀਂ ਮਾਵਾਂ ਦੇ ਪੁੱਤਰ ਹੀ ਨੇ। ਅੱਗੋਂ ਸਾਡੇ ਲੀਡਰ ਕਹਿੰਦੇ ਆ, ਫ਼ੌਜੀਆਂ ਨੂੰ ਤਨਖ਼ਾਹਾਂ ਜੰਗਾਂ ਵਿਚ ਸ਼ਹੀਦ ਹੋਣ ਲਈ ਹੀ ਮਿਲਦੀਆਂ ਨੇ। ਇਨ੍ਹਾਂ ਲੀਡਰਾਂ ਨੂੰ ਜੰਗਾਂ ਦਾ ਅਸਲੀ ਪਤਾ ਤਾਂ ਲੱਗੇ ਜੇਕਰ ਉਨ੍ਹਾਂ ਦੇ ਆਪਣੇ ਪੁੱਤਰ ਵੀ ਇਨ੍ਹਾਂ ਜੰਗਾਂ ਵਿਚ ਲੜਨ ਤੇ ਸ਼ਹੀਦ ਹੋਣ।” ਇਹ ਬਜ਼ੁਰਗ ਜੋੜਾ ਜਿੰੰਦਗੀ ਤੋਂ ਏਨਾ ਨਿਰਾਸ਼ ਹੋ ਜਾਂਦਾ ਹੈ ਕਿ ਦੋਵੇਂ ਜੀਅ ਖ਼ੁਦਕਸ਼ੀ ਕਰਨ ਬਾਰੇ ਸੋਚਦੇ ਹਨ ਪਰ ਐਨ ਮੌਕੇ ‘ਤੇ ਪਹੁੰਚ ਕੇ ਨਾਟਕ ਵਿਚ ਕਰਨਲ ਦਾ ਕਿਰਦਾਰ ਨਿਭਾਅ ਰਿਹਾ ਜਸਪਾਲ ਢਿੱਲੋਂ ਉਨ੍ਹਾਂ ਨੂੰ ਅਜਿਹਾ ਕਰਨ ਤੋਂ ਰੋਕਦਾ ਹੈ ਅਤੇ ਆਪਣੇ ਸੰਘਰਸ਼ਮਈ ਜੀਵਨ ਦੀ ਮਿਸਾਲ ਦੇ ਕੇ ਉਨ੍ਹਾਂ ਨੂੰ ਜਿੰਦਗੀ ਜਿਊਣ ਲਈ ਪ੍ਰੇਰਨਾ ਦਿੰਦਾ ਹੈ।
ਬਜ਼ੁਰਗ ਜੋੜੇ ਦਾ ਕਿਰਦਾਰ ਜਸਪਾਲ ਢਿੱਲੋਂ ਦੇ ਹੋਣਹਾਰ ਨੌਜੁਆਨ ਸਪੁੱਤਰ ਹਰਪ੍ਰੀਤ ਢਿੱਲੋਂ ਅਤੇ ਪੰਜਾਬੀ ਰੰਗਮੰਚ ਦੀ ਉੱਘੀ ਕਲਾਕਾਰ ਲਿਵਲੀਨ ਸਿੰਘ ਨੇ ਬਾਖ਼ੂਬੀ ਨਿਭਾਇਆ ਹੈ। ਹਰਪ੍ਰੀਤ ਢਿੱਲੋਂ ਦਾ ਸਾਰੇ ਨਾਟਕ ਵਿਚ ਲੱਕ Ḕਤੇ ਹੱਥ ਰੱਖ ਕੇ ਤੁਰਨਾ ਅਤੇ ਲਿਵਲੀਨ ਦਾ ਵਿਅੰਗਮਈ ਅੰਦਾਜ਼ ਵਿਚ ਪਤੀ ਵੱਲੋਂ ਆਪਣੇ ਵਾਲਾਂ Ḕਚ ਤੇਲ ਲੁਆਉਣ, ਬੈੱਡ ਹੇਠਾਂ ਪਏ ਅਟੈਚੀ ਵਿੱਚੋਂ ਧੁੱਪ ਲੁਆਉਣ ਲਈ ਰੇਸ਼ਮੀ ਸਾੜ੍ਹੀਆਂ ਬਾਹਰ ਕੱਢਣ ਅਤੇ ਪਿੰਨੀਆਂ ਭੇਂਟ ਕਰਨ ਅਤੇ ਛੋਟੇ ਪੁੱਤਰ ਰਾਜੂ ਨੂੰ ਭੇਜੇ ਗਏ ਗਜਰੇਲੇ ਦੇ ਡਾਇਲਾਗਾਂ ਨੂੰ ਵੱਖੋ-ਵੱਖਰੀ ਤਰ੍ਹਾਂ ਪੇਸ਼ ਕਰਨਾ ਇਸ ਨਾਟਕ ਦਾ ਵਿਸ਼ੇਸ਼ ਹਾਸਲ ਸੀ। ਸਹਾਇਕ ਕਲਾਕਾਰਾਂ ਵਿਚ ਪਰਮਜੀਤ ਦਿਓਲ ਨੇਂ ਅਮਰੀਕਾ ਤੋਂ ਆਈ ਕੁੜੀ ‘ਜੱਸੀ’ ਦੇ ਰੋਲ ਵਿਚ, ਜਸਪਾਲ ਢਿੱਲੋਂ ਵੱਲੋਂ ਪਾਨ ਖਾਣ ਵਾਲੇ ਫੁਰਤੀਲੇ ਨੌਕਰ ਭਗਤੂ ਤੇ ਰਿਟਾਇਰਡ ਫ਼ੌਜੀ ਕਰਨਲ, ਜੋਗੀ ਸੰਘੇੜਾ ਨੇ ਨੌਜੁਆਨ ਪੇਇੰਗ ਗੈੱਸਟ ਅਤੇ ਕਮਲ ਸ਼ਰਮਾ ਨੇ ਬਜ਼ੁਰਗ ਜੋੜੇ ਦੇ ਅਮਰੀਕਾ ਗਏ ਪੁੱਤਰ ਗੋਗੀ ਦੀਆਂ ਭੂਮਿਕਾਵਾਂ ਵਿਚ ਆਪਣੀ ਕਲਾ ਦੇ ਜੌਹਰ ਵਿਖਾਏ ਹਨ। ਹੋਰ ਭੂਮਿਕਾਵਾਂ ਵਿਚ ਗਵਾਂਢਣ ਨੰਬਰਦਾਰਨੀ ਵਜੋਂ ਕੁਲਦੀਪ ਗਰੇਵਾਲ ਅਤੇ ਛੋਟੀ ਲੜਕੀ ਸ਼ਰਮੀਲਾ ਵਜੋਂ ਗੁਰਮਨ ਪੰਨੂੰ ਨੇ ਵੀ ਨਾਟਕ ਵਿਚ ਬਾਖ਼ੂਬੀ ਕੰਮ ਕੀਤਾ। ਆਵਾਜ਼ ਤੇ ਰੌਸ਼ਨੀ ਨਾਲ ਲੜਾਈ ਦਾ ਸੀਨ ਅਤੇ ਨਾਨਕੀਆਂ-ਦਾਦਕੀਆਂ ਦੀਆਂ ਸਿੱਠਣੀਆਂ ਅਤੇ ਗਿੱਧੇ ਨੇ ਆਪੋ-ਆਪਣੀ ਜਗ੍ਹਾ ਖ਼ੂਬ ਰੌਚਕਤਾ ਭਰੀ ਅਤੇ ਇਨ੍ਹਾਂ ਮੌਕਿਆਂ ਦਾ ਵਧੀਆ ਮਾਹੌਲ ਸਿਰਜਿਆ। ਵੈਸੇ, ਨਾਟਕ ਵਿਚਲੇ ਸਿੱਠਣੀਆਂ ਤੇ ਗਿੱਧੇ ਵਾਲੇ ਸੀਨ ‘ਤੇ ਹੋਰ ਮਿਹਨਤ ਕਰਨ ਦੀ ਜ਼ਰੂਰਤ ਭਾਸਦੀ ਸੀ। ਜਸਪਾਲ ਢਿੱਲੋਂ ਵੱਲੋਂ ਕੀਤੀ ਗਈ ਨਾਟਕ ਦੀ ਨਿਰਦੇਸ਼ਨਾ ਕਮਾਲ ਦੀ ਸੀ। ਕੁੱਲ ਮਿਲਾ ਕੇ ਇਹ ਨਾਟਕ ਦਰਸ਼ਕਾਂ ਉੱਪਰ ਆਪਣੀ ਅਮਿੱਟ ਛਾਪ ਛੱਡ ਗਿਆ ਅਤੇ ਇਸ ਦੀ ਸਫ਼ਲਤਾ ਲਈ ਨਾਟਕ ਦੀ ਪੂਰੀ ਟੀਮ ਵਧਾਈ ਦੀ ਹੱਕਦਾਰ ਹੈ।