ਪੰਚਕੂਲਾ, 2 ਅਪਰੈਲ
ਪੰਜਾਬ ਅਤੇ ਹਰਿਆਣਾ ਦੇ ਮੁੱਦਿਆਂ ਬਾਰੇ ਅੱਜ ਇਥੇ ਕਈ ਮੀਟਿੰਗਾਂ ਹੋਈਆਂ ਜਿਨ੍ਹਾਂ ਵਿੱਚ ਹਰਿਆਣਾ ਦੇ ਕੈਬਨਿਟ ਮੰਤਰੀ, ਵਿਧਾਇਕ ਅਤੇ ਸੰਸਦ ਮੈਂਬਰ ਸ਼ਾਮਲ ਹੋਏ। ਮੀਟਿੰਗਾਂ ਵਿੱਚ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ, ਹਰਿਆਣਾ ਭਾਜਾਪ ਦੇ ਮਾਮਲਿਆਂ ਦੇ ਇੰਚਾਰਜ ਵਿਨੋਦ ਪਾਵੜੇ, ਹਰਿਆਣਾ ਭਾਜਪਾ ਦੇ ਪ੍ਰਧਾਨ ਓਮ ਪ੍ਰਕਾਸ਼ ਧਨਖੜ, ਸਪੀਕਰ ਗਿਆਨ ਚੰਦ ਗੁਪਤਾ, ਸੰਸਦ ਮੈਂਬਰ ਰਤਨ ਲਾਲ ਕਟਾਰੀਆ ਤੋਂ ਇਲਾਵਾ ਵੱਡੀ ਗਿਣਤੀ ਦੇ ਮੰਤਰੀ ਅਤੇ ਵਿਧਾਇਕ ਸ਼ਾਮਿਲ ਸਨ। ਇਹ ਮੀਟਿੰਗ ਵਿੱਚ ਐੱਸਵਾਈਐਲ ਪਾਣੀ ਦੇ ਮੁੱਦਿਆਂ ਅਤੇ ਰਾਜਧਾਨੀ ਚੰਡੀਗੜ੍ਹ ਬਾਰੇ ਹੋਈ। ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਸਪਸ਼ਟ ਸ਼ਬਦਾਂ ਵਿੱਚ ਕਿਹਾ ਹੈ ਕਿ ਸਾਲ 1966 ਦੇ ਪੰਜਾਬ ਪੁਨਰ ਗਠਨ ਐਕਟ ਮੁਤਾਬਿਕ ਹਰਿਆਣਾ, ਪੰਜਾਬ, ਹਿਮਾਚਲ ਅਤੇ ਚੰਡੀਗੜ੍ਹ ਜਦੋਂ ਹੋਂਦ ਵਿੱਚ ਆਏ ਸਨ ਤਾਂ ਉਸ ਮੁਤਾਬਿਕ ਚੰਡੀਗੜ੍ਹ ਉੱਤੇ ਹਰਿਆਣਾ ਦਾ ਵੀ ਪੂਰਾ ਹੱਕ ਹੈ। ਉਨ੍ਹਾਂ ਕਿਹਾ ਕਿ ਚੰਡੀਗੜ੍ਹ ਦੇ ਵਿੱਚ 60 ਫੀਸਦ ਕਰਮਚਾਰੀ ਪੰਜਾਬ ਅਤੇ 40 ਫੀਸਦ ਹਰਿਆਣਾ ਦੇ ਹੋਣਗੇ। ਉਸੇ ਸਮੇਂ ਤੋਂ ਚੰਡੀਗੜ੍ਹ ਪੰਜਾਬ ਅਤੇ ਹਰਿਆਣਾ ਦੀ ਰਾਜਧਾਨੀ ਹੈ। ਉਨ੍ਹਾਂ ਸਪਸ਼ਟ ਕੀਤਾ ਕਿ ਚੰਡੀਗੜ੍ਹ ਹਰਿਆਣਾ ਅਤੇ ਪੰਜਾਬ ਦੀ ਰਾਜਧਾਨੀ ਰਹੇਗਾ। ਮੁੱਖ ਮੰਤਰੀ ਨੇ ਕਿਹਾ ਕਿ ਚੰਡੀਗੜ੍ਹ ਮੁੱਖ ਮੁੱਦਾ ਨਹੀਂ ਹੈ ਸਗੋਂ ਇਸ ਨਾਲ ਹੋਰ ਕਈ ਮੁੱਦੇ ਜੁੜੇ ਹਨ। ਪੰਜਾਬ ਸਰਕਾਰ ਇਨ੍ਹਾਂ ਮੁੱਦਿਆਂ ਉੱਤੇ ਲੋਕਾਂ ਨੂੰ ਗੁੰਮਰਾਹ ਕਰ ਰਹੀ ਹੈ। ਪੰਜਾਬ ਨੇ ਹੁਣ ਤੱਕ ਆਪਣੇ ਮੁਲਾਜ਼ਮਾਂ ਨੂੰ ਸੱਤਵੇਂ ਤਨਖਾਹ ਕਮਿਸ਼ਨ ਦਾ ਲਾਭ ਨਹੀਂ ਦਿੱਤਾ ਜਦਕਿ ਹਰਿਆਣਾ ਇਹ 2016 ਵਿੱਚ ਲਾਗੂ ਕਰ ਚੁੱਕਿਆ ਹੈ। ਪੰਚਕੂਲਾ ਵਿੱਚ ਹੋ ਰਹੀਆਂ ਇਹ ਬੈਠਕਾਂ ਭਾਜਪਾ ਦੇ ਸੰਗਠਨ ਨੂੰ ਹੋਰ ਮਜਬੂਤ ਕਰਨ ਲਈ ਹੋ ਰਹੀਆਂ ਹਨ। ਇਸ ਮੌਕੇ ਸਿਹਤ ਵਿਭਾਗ ਅਤੇ ਗ੍ਰਹਿ ਮੰਤਰੀ ਅਨਿਲ ਵਿਜ ਨੇ ਕਿਹਾ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਹਾਲੇ ਦੁੱਧ ਦੇ ਦੰਦ ਵੀ ਨਹੀਂ ਨਿਕਲੇ ਤੇ ਪਾਰਟੀ “ਚੰਡੀਗੜ੍ਹ ਪੰਜਾਬ ਦਾ” ਮੰਗ ਕਰਨ ਲੱਗੀ ਹੈ। ਗੋਆ, ਮਨੀਪੁਰ, ਯੂਪੀ, ਉਤਰਾਖੰਡ ਵਿੱਚ ਜੋ ਹਾਲਤ ਆਮ ਆਦਮੀ ਪਾਰਟੀ ਦੀ ਹੋਈ ਹੈ ਉਹ ਸਭ ਨੂੰ ਪਤਾ ਹੈ।

ਮੀਟਿੰਗਾਂ ਦੇ ਇਸ ਦੌਰ ਵਿੱਚ ਰਾਸ਼ਟਰੀ ਸੰਗਠਨ ਮੰਤਰੀ ਬੀਐਲ ਸੰਤੋਸ਼, ਰਾਸ਼ਟਰੀ ਮਹਾਮੰਤਰੀ ਅਤੇ ਹਰਿਆਣਾ ਇੰਚਾਰਜ ਵਿਨੋਦ ਪਾਵੜੇ ਅਤੇ ਐੱਮਪੀ ਰਤਨ ਲਾਲ ਕਟਾਰੀਆ ਨੇ ਕਿਹਾ ਕਿ ਭਾਜਪਾ ਸੰਗਠਨ ਨੂੰ ਹੋਰ ਮਜ਼ਬੂਤ ਕੀਤਾ ਜਾਵੇਗਾ।

ਹਰਿਆਣਾ ਦੇ ਮੁੱਖ ਮੰਤਰੀ ਨੇ ਕਿਹਾ ਕਿ ਜਿਹੜਾ ਪੰਜਾਬ ਨੇ ਮਾਮਲਾ ਉਠਾਇਆ ਹੈ ਇਹ ਬੜਾ ਨਿੰਦਣਯੋਗ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਸਖਤ ਸ਼ਬਦਾਂ ਵਿੱਚ ਨਿੰਦਾ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਹਿੰਦੀ ਭਾਸ਼ਾ ਵਾਲੇ ਖੇਤਰ ਹਰਿਆਣਾ ਨੂੰ ਦੇਣੇ ਚਾਹੀਦੇ ਹਨ।