ਜਲੰਧਰ, 21 ਅਕਤੂਬਰ
ਦੇਸ਼ ਦੀ ਏਕਤਾ ਅਤੇ ਅਖੰਡਤਾ ਲਈ ਆਪਣੀਆਂ ਜਾਨਾਂ ਕੁਰਬਾਨ ਕਰ ਦੇਣ ਵਾਲੇ ਸੂਬੇ ਦੇ ਬਹਾਦਰ ਪੁਲੀਸ ਜਵਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਅੱਜ ਇੱਥੇ ਪੰਜਾਬ ਆਰਮਡ ਪੁਲੀਸ (ਪੀਏਪੀ) ਦੇ ਹੈਡਕੁਆਰਟਰ ਵਿਖੇ 62ਵਾਂ ਰਾਜ ਪੱਧਰੀ ਪੁਲੀਸ ਯਾਦਗਾਰੀ ਦਿਵਸ ਮਨਾਇਆ ਗਿਆ। ਪੰਜਾਬ ਦੇ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਸੂਬੇ ਦੇ ਜਵਾਨਾਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਪੰਜਾਬ ਪੁਲੀਸ ਬੇਮਿਸਾਲ ਫੋਰਸ ਹੈ। ਪੰਜਾਬ ਪੁਲੀਸ ਵੱਲੋਂ ਅਤਿਵਾਦ ਨਾਲ ਲੜਦੇ ਹੋਏ ਆਪਣੇ 1604 ਅਧਿਕਾਰੀਆਂ ਅਤੇ ਸਿਪਾਹੀਆਂ ਦਾ ਬਲਿਦਾਨ ਦਿੱਤਾ ਗਿਆ। ਪੀਏਪੀ ਕੈਂਪਸ ਦੇ ਅੰਦਰ ਉਸਾਰੇ ਗਏ ਪੁਲੀਸ ਸ਼ਹੀਦ ਸਮਾਰਕ ਵਿਖੇ ਸੁਚੱਜੇ ਢੰਗ ਨਾਲ ਪਰੇਡ ਕੀਤੀ ਗਈ। ਸਲਾਮੀ ਦੇਣ ਤੋਂ ਬਾਅਦ ਕਮਾਂਡੈਂਟ ਰਾਜਪਾਲ ਸਿੰਘ ਸੰਧੂ ਵੱਲੋਂ ਪੰਜਾਬ ਪੁਲੀਸ ਦੇ ਏਐੱਸਆਈ ਭਗਵਾਨ ਸਿੰਘ ਅਤੇ ਏਐੱਸਆਈ ਦਲਵਿੰਦਰਜੀਤ ਸਿੰਘ ਸਮੇਤ ਇਸ ਸਾਲ ਦੇ ਸਮੁੱਚੇ 377 ਪੁਲੀਸ ਸ਼ਹੀਦਾਂ ਦੇ ਨਾਮ ਪੜ੍ਹੇ ਗਏ। ਦੋ ਮਿੰਟ ਦਾ ਮੌਨ ਰੱਖਿਆ ਗਿਆ, ਜਿਸ ਤੋਂ ਬਾਅਦ ਸੀਨੀਅਰ ਅਧਿਕਾਰੀਆਂ ਵੱਲੋਂ ਸ਼ਹੀਦੀ ਸਮਾਰਕ ‘ਤੇ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ। ਪੰਜਾਬ ਦੀ ਅੰਤਰਰਾਸ਼ਟਰੀ ਸਰਹੱਦ ਦੇ ਅੰਦਰ ਬੀਐੱਸਐੱਫ ਦੇ ਅਧਿਕਾਰ ਖੇਤਰ ਨੂੰ 50 ਕਿਲੋਮੀਟਰ ਤੱਕ ਵਧਾਉਣ ਦੇ ਫੈਸਲੇ ‘ਤੇ ਉਨ੍ਹਾਂ ਕਿਹਾ ਕਿ ਪੰਜਾਬ, ਜੋ ਸਾਰੀਆਂ ਲੜਾਈਆਂ ਦੌਰਾਨ ਹਮੇਸ਼ਾ ਮੋਹਰੀ ਰਿਹਾ ਹੈ, ਨੂੰ ਆਪਣੀ ਸੁਰੱਖਿਆ ਲਈ ਕਿਸੇ ਹੋਰ ਤਾਕਤ ਦੀ ਜ਼ਰੂਰਤ ਨਹੀਂ ਹੈ। ਸ੍ਰੀ ਰੰਧਾਵਾ ਨੇ ਐਲਾਨ ਕੀਤਾ ਕਿ ਜ਼ਿਲ੍ਹਿਆਂ ਵਿੱਚ ਸਥਿਤ ਪੁਲੀਸ ਲਾਈਨਾਂ ਦੀਆਂ ਡਿਸਪੈਂਸਰੀਆਂ ਵਿੱਚ ਲੈਬ ਸਥਾਪਤ ਕੀਤੀਆਂ ਜਾਣਗੀਆਂ, ਜਿੱਥੇ ਪੁਲਿਸ ਕਰਮੀਆਂ ਦੇ ਪਰਿਵਾਰਾਂ ਨੂੰ ਟੈਸਟਿੰਗ ਦੀ ਸਹੂਲਤ ਹੋਵੇਗੀ। ਇਨ੍ਹਾਂ ਲੈਬਜ਼ ਉੱਪਰ ਕੁੱਲ ਸਵਾ ਕਰੋੜ ਦੇ ਕਰੀਬ ਲਾਗਤ ਆਵੇਗੀ। ਸ਼ਹੀਦਾਂ ਦੇ ਪਰਿਵਾਰਾਂ ਨੂੰ ਸੰਬੋਧਨ ਕਰਦਿਆਂ ਰੰਧਾਵਾ, ਜਿਨ੍ਹਾਂ ਕੋਲ ਗ੍ਰਹਿ ਵਿਭਾਗ ਵੀ ਹੈ, ਨੇ ਸ਼ਹੀਦਾਂ ਦੇ ਪਰਿਵਾਰਾਂ ਨੂੰ ਭਰੋਸਾ ਦਿਵਾਇਆ ਕਿ ਉਨ੍ਹਾਂ ਦੀਆਂ ਸ਼ਿਕਾਇਤਾਂ ਦਾ ਨਿਪਟਾਰਾ ਪਹਿਲ ਦੇ ਆਧਾਰ ‘ਤੇ ਕੀਤਾ ਜਾਵੇਗਾ।
ਡੀਜੀਪੀ ਇਕਬਾਲ ਪ੍ਰੀਤ ਸਿੰਘ ਸਹੋਤਾ ਨੇ ਪੰਜਾਬ ਸਰਕਾਰ ਅਤੇ ਪੰਜਾਬ ਪੁਲੀਸ ਵੱਲੋਂ ਸ਼ਹੀਦਾਂ ਦੇ ਪਰਿਵਾਰਾਂ ਨੂੰ ਪੂਰਨ ਸਹਿਯੋਗ ਦਾ ਭਰੋਸਾ ਦਿੱਤਾ।