ਨਵੀਂ ਦਿੱਲੀ, 21 ਅਪਰੈਲ
ਭਾਰਤ ਪਹਿਲੀ ਵਾਰ ਡਬਲਿਊਬੀਸੀ ਇੰਡੀਆ ਚੈਂਪੀਅਨਸ਼ਿਪ ਦੇ ਮੇਜ਼ਬਾਨੀ ਲਈ ਪੂਰੀ ਤਰ੍ਹਾਂ ਤਿਆਰ ਹੈ। ਇਹ ਚੈਂਪੀਅਨਸ਼ਿਪ ਪਹਿਲੀ ਮਈ ਨੂੰ ਪੰਜਾਬ ਦੇ ਜ਼ਿਲ੍ਹਾ ਜਲੰਧਰ ਵਿੱਚ ਹੋਵੇਗੀ। ਵਿਸ਼ਵ ਮੁੱਕੇਬਾਜ਼ੀ ਕੌਂਸਲ ਦੇ ਸਹਿਯੋਗ ਨਾਲ ਹੋਣ ਵਾਲੀ ਇਸ ਚੈਂਪੀਅਨਸ਼ਿਪ ਵਿੱਚ ਭਾਰਤ ਦੀ ਦੋ ਚੋਟੀ ਦੀਆਂ ਮਹਿਲਾ ਮੁੱਕੇਬਾਜ਼ਾਂ ਚਾਂਦਨੀ ਮਹਿਰਾ ਅਤੇ ਸੁਮਨ ਕੁਮਾਰੀ ਵਿਚਾਲੇ ਮੁਕਾਬਲਾ ਹੋਵੇਗਾ। ਇਸ ਮੁਕਾਬਲੇ, ਜੋ ਕਿ ਐੱਲਜ਼ੈੱਡ ਪ੍ਰਮੋਸ਼ਨਸ ਇੰਡੀਆ ਅਨਲੀਸ਼ਡ-ਫਾਈਟ ਨਾਈਟ ਦਾ ਹਿੱਸਾ ਹੈ, ਦੀ ਜੇਤੂ ਮੁੱਕੇਬਾਜ਼ ਡਬਲਿਊਬੀਸੀ ਇੰਡੀਆ ਚੈਂਪੀਅਨ ਬਣੇਗੀ। ਡਬਲਿਊਬੀਸੀ ਆਲਮੀ ਪੱਧਰ ’ਤੇ ਪੇਸ਼ੇਵਰ ਮੁੱਕੇਬਾਜ਼ੀ ਮੁਕਾਬਲੇ ਕਰਵਾਉਣ ਵਾਲੀਆਂ ਚਾਰ ਚੋਟੀ ਦੀਆਂ ਸੰਸਥਾਵਾਂ ਵਿੱਚੋਂ ਇੱਕ ਹੈ। ਚਾਂਦਨੀ ਅਤੇ ਸੁਮਨ ਭਾਰਤੀ ਦੀਆਂ ਲਾਈਟਵੇਟ ਅਤੇ ਫੀਦਰਵੇਟ ਵਰਗ ’ਚ ਅੱਵਲ ਨੰਬਰ ਮੁੱਕੇਬਾਜ਼ ਹਨ। ਐੱਲਜ਼ੈੱਡ ਦੇ ਸੀਈਓ ਪਰਮ ਗੋਰਾਇਆ ਨੇ ਕਿਹਾ, ‘ਭਾਰਤ ਵਿੱਚ ਪੁਰਸ਼ਾਂ ਤੇ ਮਹਿਲਾਂ ਪੇਸ਼ੇਵਰ ਮੁੱਕੇਬਾਜ਼ੀ ’ਚ ਅਥਾਹ ਸੰਭਾਵਨਾਵਾਂ ਹਨ ਅਤੇ ਉਹ ਮੁੱਕੇਬਾਜ਼ਾਂ ਨੂੰ ਸਥਾਪਤ ਹੋਣ ਲਈ ਇੱਕ ਪਲੇਟਫਾਰਮ ਦੇਣਾ ਚਾਹੁੰਦੇ ਹਨ।’ ਭਾਰਤੀ ਮੁੱਕੇਬਾਜ਼ੀ ਕੌਂਸਲ (ਆਈਬੀਸੀ) ਦੇ ਬ੍ਰਿਗੇਡੀਅਰ ਜਨਰਲ ਮੁਰਲੀਧਰਨ ਰਾਜਾ ਨੇ ਕਿਹਾ, ‘ਭਾਰਤੀ ਪੇਸ਼ੇਵਰ ਮੁੱਕੇਬਾਜ਼ੀ ਵਿੱਚ ਇਹ ਵੱਡੀ ਪੁਲਾਂਘ ਹੈ।’