ਜਲੰਧਰ: ਜਲੰਧਰ ‘ਚ ਪੁਲਿਸ ਨੇ ਨਸ਼ਾ ਤਸਕਰਾਂ ਖਿਲਾਫ ਸਖਤ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸੇ ਤਹਿਤ ਅੱਜ ਥਾਣਾ ਕਿਸ਼ਨਪੁਰਾ ਅਧੀਨ ਪੈਂਦੇ ਪਿੰਡ ਢੱਕੀਆਂ ਵਿੱਚ ਪੁਲਿਸ ਨੇ ਤਸਕਰ ਦੇ ਘਰ ’ਤੇ ਕਾਰਵਾਈ ਕੀਤੀ ਹੈ। ਜਿੱਥੇ ਪੁਲਿਸ ਨੇ ਬੁਲਡੋਜ਼ਰ ਚਲਾ ਕੇ ਤਸਕਰ ਦੇ ਘਰ ਨੂੰ ਤਬਾਹ ਕਰ ਦਿੱਤਾ। ਇਹ ਕਾਰਵਾਈ ਏਡੀਸੀਪੀ ਤੇਜਬੀਰ ਸਿੰਘ ਦੀ ਅਗਵਾਈ ਵਿੱਚ ਕੀਤੀ ਗਈ। ਇਸ ਦੀ ਵੀਡੀਓ ਵੀ ਸਾਹਮਣੇ ਆਈ ਹੈ, ਜਿਸ ‘ਚ ਦੇਖਿਆ ਜਾ ਸਕਦਾ ਹੈ ਕਿ ਪੁਲਿਸ ਨੇ ਬੁਲਡੋਜ਼ਰ ਚਲਾ ਕੇ ਪੂਰੇ ਘਰ ਨੂੰ ਢਾਹ ਦਿੱਤਾ ਹੈ। ਪਿਛਲੇ ਕੁਝ ਦਿਨਾਂ ਤੋਂ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਦੇ ਹੁਕਮਾਂ ‘ਤੇ ਕਈ ਨਸ਼ਾ ਤਸਕਰਾਂ ਦੇ ਘਰ ਢਾਹ ਦਿੱਤੇ ਗਏ ਹਨ।
ਦੱਸ ਦੇਈਏ ਕਿ ਐਤਵਾਰ ਨੂੰ ਦਿਹਾਤੀ ਪੁਲਿਸ ਨੇ ਦੋ ਨਸ਼ਾ ਤਸਕਰਾਂ ਦੇ ਘਰ ਵੀ ਢਾਹ ਦਿੱਤੇ ਸਨ। ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਏ.ਡੀ.ਸੀ.ਪੀ ਤੇਜਬੀਰ ਸਿੰਘ ਨੇ ਦੱਸਿਆ ਕਿ ਨਸ਼ਾ ਤਸਕਰਾਂ ਖਿਲਾਫ ਉਨ੍ਹਾਂ ਦੀ ਕਾਰਵਾਈ ਇਸੇ ਤਰ੍ਹਾਂ ਜਾਰੀ ਰਹੇਗੀ।
ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਏਡੀਸੀਪੀ ਤੇਜਬੀਰ ਸਿੰਘ ਨੇ ਦੱਸਿਆ ਕਿ ਤਸਕਰ ਧਰਮਿੰਦਰ ਖ਼ਿਲਾਫ਼ ਵੱਖ-ਵੱਖ ਥਾਣਿਆਂ ਵਿੱਚ ਐਨਡੀਪੀਐਸ ਐਕਟ ਦੇ 7 ਕੇਸ ਦਰਜ ਹਨ। ਅਦਾਲਤ ਨੇ ਮੁਲਜ਼ਮ ਨੂੰ ਭਗੌੜਾ ਕਰਾਰ ਦੇ ਦਿੱਤਾ ਹੈ। ਇਸ ਕਾਰਨ ਬੁੱਧਵਾਰ ਨੂੰ ਉਨ੍ਹਾਂ ਦੀ ਟੀਮ ਨੇ ਮੁਲਜ਼ਮਾਂ ਖਿਲਾਫ ਇਹ ਕਾਰਵਾਈ ਕੀਤੀ। ਇਸ ਮੌਕੇ ‘ਆਪ’ ਦੇ ਲੋਕ ਸਭਾ ਉਮੀਦਵਾਰ ਪਵਨ ਟੀਨੂੰ ਵੀ ਮੌਜੂਦ ਸਨ। ਉਨ੍ਹਾਂ ਕਿਹਾ ਕਿ ਪਿਛਲੇ 10 ਤੋਂ 15 ਸਾਲਾਂ ਵਿੱਚ ਨਸ਼ਾ ਬਹੁਤ ਵੱਧ ਗਿਆ ਹੈ ਅਤੇ ਇਸ ਨੂੰ ਰੋਕਣ ਲਈ ਸਖ਼ਤ ਕਦਮ ਚੁੱਕਣ ਦੀ ਲੋੜ ਹੈ।
ਸੂਬਾ ਪੁਲਿਸ ਵੱਲੋਂ ਨਸ਼ਾ ਤਸਕਰੀ ਤੋਂ ਹਾਸਿਲ ਕੀਤੀਆਂ ਜਾਇਦਾਦਾਂ ਨੂੰ ਜ਼ਬਤ ਕਰਨ ਅਤੇ ਨਸ਼ਟ ਕਰਨ ਦੀ ਮੁਹਿੰਮ ਜਾਰੀ ਹੈ। ਪ੍ਰਸ਼ਾਸਨ ਦਾ ਕਹਿਣਾ ਹੈ ਕਿ ਨਸ਼ਿਆਂ ਦੇ ਕਾਰੋਬਾਰ ਨੂੰ ਜੜ੍ਹੋਂ ਪੁੱਟਣ ਲਈ ਅਜਿਹੀਆਂ ਕਾਰਵਾਈਆਂ ਭਵਿੱਖ ਵਿੱਚ ਵੀ ਜਾਰੀ ਰਹਿਣਗੀਆਂ।