ਚੰਡੀਗੜ੍ਹ, 9 ਅਕਤੂਬਰ

ਪੰਜਾਬ ਦੇ ਸੱਭਿਆਚਾਰ, ਸੈਰ ਸਪਾਟਾ ਅਤੇ ਸਥਾਨਕ ਸਰਕਾਰਾਂ ਬਾਰੇ ਵਿਭਾਗਾਂ ਦੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਮੋਦੀ ਸਰਕਾਰ ’ਤੇ ਗੁਰੂ ਨਾਨਕ ਦੇਵ ਦੇ 550 ਸਾਲਾ ਜਨਮਦਿਨ ਅਤੇ ਜਲ੍ਹਿਆਂਵਾਲਾ ਬਾਗ ਦੀ 100ਵੀਂ ਵਰ੍ਹੇਗੰਢ ਦੇ ਮੁੱਦੇ ’ਤੇ ਅਪਣਾਏ ਨਾਂਹ-ਪੱਖੀ ਰਵੱਈਏ ਦੀ ਨਿੰਦਾ ਕੀਤੀ ਹੈ। ਇੱਥੇ ਅੱਜ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਜਲ੍ਹਿਆਂਵਾਲਾ ਬਾਗ ਨੂੰ ਨਿੱਜੀ ਹੱਥਾਂ ’ਚ ਦੇਣ ਦਾ ਪ੍ਰਸਤਾਵ ਤਿਆਰ ਕੀਤਾ ਹੈ।
ਸ੍ਰੀ ਸਿੱਧੂ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੀ ਅਗਵਾਈ ਵਾਲੇ ਜਲ੍ਹਿਆਂਵਾਲਾ ਬਾਗ ਟਰੱਸਟ ਦੇ ਕਈ ਮੈਂਬਰ ਵੀ ਮਈ ਤੋਂ ਨਾਮਜ਼ਦ ਨਹੀਂ ਕੀਤੇ ਗਏ ਹਨ ਜਿਸ ਕਾਰਨ ਕੋਈ ਵੀ ਅਹਿਮ ਫ਼ੈਸਲਾ ਨਹੀਂ ਲਿਆ ਜਾ ਰਿਹਾ। ਉਨ੍ਹਾਂ ਕਿਹਾ,‘‘ਇਹ ਸਾਡੀ ਕੌਮੀ ਧਰੋਹਰ ਹੈ ਅਤੇ ਕੋਈ ਸੀਐਸਆਰ ਤਹਿਤ ਇਥੇ ਨਿਸ਼ਕਾਮ ਸੇਵਾ ਤਾਂ ਕਰ ਸਕਦਾ ਹੈ ਪ੍ਰੰਤੂ ਜਲ੍ਹਿਆਂਵਾਲਾ ਬਾਗ ਵਿਖੇ ਨਿੱਜੀ ਕੰਪਨੀ ਦੀ ਮਸ਼ਹੂਰੀ ਜਾਂ ਕੋਈ ਦਾਖ਼ਲਾ ਟਿਕਟ ਲਗਾਉਣ ਦਾ ਵਿਰੋਧ ਕੀਤਾ ਜਾਵੇਗਾ। ਭਾਵੇਂ ਸਿਰ-ਧੜ ਦੀ ਬਾਜ਼ੀ ਹੀ ਕਿਉਂ ਨਾ ਲਾਉਣੀ ਪਵੇ।’’ ਇਸ ਸਬੰਧੀ ਉਨ੍ਹਾਂ ਕੇਂਦਰੀ ਸੈਰ ਸਪਾਟਾ ਮੰਤਰੀ ਕੇ ਜੇ ਅਲਫੌਂਸ ਨੂੰ ਪੱਤਰ ਲਿਖ ਕੇ ਜਾਣੂ ਵੀ ਕਰਵਾ ਦਿੱਤਾ ਹੈ। ਸ੍ਰੀ ਸਿੱਧੂ ਨੇ ਦੱਸਿਆ ਕਿ ਜਲ੍ਹਿਆਂਵਾਲਾ ਬਾਗ ਲਈ 8 ਕਰੋੜ ਰੁਪਏ ਜਾਰੀ ਕਰ ਦਿੱਤੇ ਗਏ ਹਨ ਪ੍ਰੰਤੂ ਹਾਲੇ ਤੱਕ ਰਾਸ਼ੀ ਖ਼ਰਚ ਕਰਨ ਦੀ ਮਨਜ਼ੂਰੀ ਨਹੀਂ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ 100ਵੀਂ ਵਰ੍ਹੇਗੰਢ ਲਈ ਛੇ ਮਹੀਨੇ ਰਹਿ ਗਏ ਹਨ ਅਤੇ ਕਦੋਂ ਪੈਸਾ ਖ਼ਰਚ ਹੋਵੇਗਾ ਜਦੋਂ ਕਿ ਟੈਂਡਰ ਪ੍ਰਕਿਰਿਆ ਨੂੰ ਵੀ ਸਮਾਂ ਲੱਗੇਗਾ। ਸ੍ਰੀ ਸਿੱਧੂ ਨੇ ਇਹ ਵੀ ਦੱਸਿਆ ਕਿ ਕੇਂਦਰ ਸਰਕਾਰ ਨੇ ਗੁਰੂ ਨਾਨਕ ਦੇਵ ਦੇ 550ਵੇਂ ਜਨਮਦਿਨ ਨੂੰ ਮਨਾਉਣ ਲਈ ਵਿੱਤੀ ਮਦਦ ਦੇਣ ਤੋਂ ਵੀ ਇੱਕ ਤਰ੍ਹਾਂ ਨਾਲ ਕਿਨਾਰਾ ਕਰ ਲਿਆ ਹੈ। ਉਨ੍ਹਾਂ ਕਿਹਾ ਕਿ ਕੇਂਦਰੀ ਸੱਭਿਆਚਾਰ ਅਤੇ ਸੈਰ ਸਪਾਟਾ ਮੰਤਾਰਲੇ ਵੱਲੋਂ ਪੂਰੇ ਦੇਸ਼ ਲਈ ਮਹਿਜ਼ 35 ਕਰੋੜ ਰੁਪਏ ਰੱਖੇ ਗਏ ਹਨ ਜਦੋਂ ਕਿ ਰਾਜ ਸਰਕਾਰ ਨੇ 2100 ਕਰੋੜ ਰੁਪਏ ਮੰਗੇ ਸਨ। ਉਨ੍ਹਾਂ ਕਿਹਾ ਕਿ ਦੋਵੇਂ ਮੁੱਦਿਆਂ ਨੂੰ ਉਹ ਪੰਜਾਬ ਮੰਤਰੀ ਮੰਡਲ ਦੀ ਆਉਣ ਵਾਲੀ ਮੀਟਿੰਗ ਵਿੱਚ ਰੱਖਣਗੇ ਤਾਂ ਜੋ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੋਈ ਫ਼ੈਸਲਾ ਲੈ ਸਕਣ। ਕੇਂਦਰ ਸਰਕਾਰ ਦੇ ਰਵੱਈਏ ਨੂੰ ਅਤਿ ਨਿੰਦਣਯੋਗ ਕਰਾਰ ਦਿੰਦਿਆਂ ਉਨ੍ਹਾਂ ਕਿਹਾ ਕਿ ਗੁਰੂ ਨਾਨਕ ਦੇਵ ਦੇ ਜਨਮਦਿਨ ਨੂੰ ਮਨਾਉਣ ਸਬੰਧੀ ਪੂਰੀ ਦੁਨੀਆ ਦੇ ਨਾਨਕ ਨਾਮ ਲੇਵਾ ਲੋਕਾਂ ਵਿੱਚ ਉਤਸ਼ਾਹ ਹੈ ਤੇ ਕੇਂਦਰ ਸਰਕਾਰ ਇਸ ਦਿਨ ਨੂੰ ਅਣਗੌਲਿਆ ਕਰਨ ਦੇ ਯਤਨ ਕਰ ਰਹੀ ਹੈ। ਉਹ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਇਸ ਮਾਮਲੇ ’ਤੇ ਕੇਂਦਰ ਸਰਕਾਰ ਨਾਲ ਤੁਰੰਤ ਗੱਲਬਾਤ ਕਰਨ ਲਈ ਆਖਣਗੇ। ਸ੍ਰੀ ਸਿੱਧੂ ਨੇ ਕੇਂਦਰ ਸਰਕਾਰ ਵੱਲੋਂ 2018-19 ਦੇ ਯਾਦਗਾਰੀ ਸਮਾਗਮਾਂ ਨੂੰ ਮਨਾਉਣ ਲਈ ਬਣਾਈ ‘ਨੈਸ਼ਨਲ ਇੰਪਲੀਮੈਂਟੇਸ਼ਨ ਕਮੇਟੀ’ ਦੀ 30 ਜੁਲਾਈ ਨੂੰ ਹੋਈ ਮੀਟਿੰਗ ਦੇ ਵੇਰਵੇ ਮੀਡੀਆ ਨੂੰ ਜਾਰੀ ਕਰਦਿਆਂ ਦੱਸਿਆ ਕਿ ਗੁਰੂ ਨਾਨਕ ਦੇਵ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਵੱਡੇ ਪੱਧਰ ’ਤੇ ਮਨਾਉਣ ਲਈ ਮੁੱਖ ਮੰਤਰੀ ਨੇ 2145.31 ਕਰੋੜ ਰੁਪਏ ਦਾ ਪੈਕੇਜ ਮੰਗਿਆ ਸੀ ਜਿਸ ਵਿੱਚ 1050 ਕਰੋੜ ਰੁਪਏ ਯਾਦਗਾਰੀ ਪ੍ਰਾਜੈਕਟਾਂ ਅਤੇ 1095.31 ਕਰੋੜ ਰੁਪਏ ਬੁਨਿਆਦੀ ਢਾਂਚਾ ਸਿਰਜਣ ਲਈ ਸ਼ਾਮਲ ਸਨ। ਉਨ੍ਹਾਂ ਕਿਹਾ ਕਿ ਮੀਟਿੰਗ ਦੇ ਵੇਰਵਿਆਂ ਵਿੱਚ ਇਹ ਦਰਜ ਹੈ ਕਿ ਭਾਰਤ ਸਰਕਾਰ ਨੇ ਯਾਦਗਾਰੀ ਸਮਾਗਮਾਂ ਲਈ ਕੁੱਲ ਰਾਸ਼ੀ ਸਿਰਫ਼ 100 ਕਰੋੜ ਰੁਪਏ ਰੱਖੀ ਹੈ ਜਿਸ ਵਿੱਚੋਂ 65 ਕਰੋੜ ਰੁਪਏ ਖ਼ਰਚਣ ਦਾ ਪਤਾ ਲੱਗਿਆ ਹੈ। ਇਕ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਪੈਕੇਜ ਦੇਣ ਤੋਂ ਮੁਕਰਨ ਦੇ ਬਾਵਜੂਦ ਪੰਜਾਬ ਸਰਕਾਰ ਗੁਰਪੁਰਬ ਨੂੰ ਪੂਰੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਏਗੀ।