ਅੰਮ੍ਰਿਤਸਰ, ਭਾਜਪਾ ਦੇ ਰਾਜ ਸਭਾ ਮੈਂਬਰ ਤੇ ਸੂਬਾ ਪ੍ਰਧਾਨ ਸ਼ਵੇਤ ਮਲਿਕ ਵੱਲੋਂ ਜਲ੍ਹਿਆਂਵਾਲਾ ਬਾਗ ਦੀ ਵਿਜ਼ਿਟਰ  ਗੈਲਰੀ ਵਿੱਚ ਪੱਖੇ ਲਵਾਉਣ ਤੇ ਪਖ਼ਾਨੇ ਬਣਾਉਣ ਲਈ ਦਿੱਤੇ ਐਮ.ਪੀ ਫੰਡ ਨਾਲ ਕਈ ਕੰਮ ਕਰਵਾਏ ਗਏ ਹਨ। ਸ੍ਰੀ ਮਲਿਕ ਨੇ ਕਿਹਾ ਕਿ ਉਨ੍ਹਾਂ ਆਪਣੇ ਫੰਡ ਵਿੱਚੋਂ ਦਸ ਲੱਖ ਰੁਪਏ ਦਿੱਤੇ ਗਏ ਹਨ, ਜਿਸ ਨਾਲ ਖਰਾਬ ਪਏ ਫੁਆਰੇ ਅਤੇ ਲਾਈਟਾਂ ਦੀ ਮੁਰੰਮਤ ਵੀ ਕਰਵਾਈ ਗਈ ਹੈ।
ਉਨ੍ਹਾਂ ਕਿਹਾ ਕਿ ਜ਼ਲ੍ਹਿਆਂਵਾਲਾ ਬਾਗ ਦੀ ਸਾਂਭ-ਸੰਭਾਲ ਅਤੇ ਵਿਕਾਸ ਲਈ ਭਾਵੇਂ ਨੈਸ਼ਨਲ ਮੈਮੋਰੀਅਲ ਟਰਸੱਟ ਦੀ ਮੌਜੂਦਾ ਟਰਸੱਟੀ ਕਾਂਗਰਸ ਦੀ ਲੋਕ ਸਭਾ ਮੈਂਬਰ ਅੰਬਿਕਾ ਸੋਨੀ, ਸਾਬਕਾ ਰਾਜ ਸਭਾ ਮੈਂਬਰ ਵਿਰੇਂਦਰ ਕਟਾਰੀਆ ਤੇ ਹਰਵਿੰਦਰ ਸਿੰਘ ਹੰਸਪਾਲ ਜ਼ਿੰਮੇਵਾਰ ਹਨ, ਪਰ ਉਨ੍ਹਾਂ ਪਿਛਲੇ ਪੰਜ ਸਾਲਾਂ ਵਿੱਚ ਉਨਾ ਕੁਝ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਜਾਰੀ ਫੰਡ ਨਾਲ ਜਲ੍ਹਿਆਂਵਾਲਾ ਬਾਗ ਦੀ ਸਾਂਭ-ਸੰਭਾਲ ਕੀਤੀ ਜਾ ਰਹੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਛੇਤੀ ਹੀ ਜਲ੍ਹਿਆਂਵਾਲਾ ਬਾਗ ਵਿੱਚ ਦਸਤਾਵੇਜ਼ੀ ਫਿਲਮ ਵਿਖਾਉਣੀ ਵੀ ਸ਼ੁਰੂ ਹੋ ਜਾਵੇਗੀ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਨੇ ਜਲ੍ਹਿਆਂਵਾਲਾ ਬਾਗ ਦਾ ਸ਼ਤਾਬਦੀ ਸਾਲ 13 ਅਪਰੈਲ 2019 ਤੋਂ 2020 ਤੱਕ ਪੂਰੇ ਦੇਸ਼ ਵਿੱਚ ਮਨਾਉਣ ਦਾ ਫ਼ੈਸਲਾ ਕੀਤਾ ਹੈ, ਜਿਸ ਬਾਰੇ ਸਾਰੇ ਵੇਰਵੇ ਛੇਤੀ ਹੀ ਜਨਤਕ ਕੀਤੇ ਜਾਣਗੇ।