ਬਰਲਿਨ, 28 ਸਤੰਬਰ

ਜਰਮਨੀ ਦੀਆਂ ਆਮ ਚੋਣਾਂ ਵਿੱਚ ਮੱਧਵਰਗੀ ਖੱਬੇਪੱਖੀ ਡੈਮੋਕਰੈਟ ਪਾਰਟੀ ਨੇ ਸਭ ਤੋਂ ਵੱਧ ਵੋਟਾਂ ਹਾਸਲ ਕੀਤੀਆਂ ਹਨ ਅਤੇ ਬੇਹੱਦ ਕਰੀਬੀ ਮੁਕਾਬਲੇ ਵਿੱਚ ਮੌਜੂਦਾ ਚਾਂਸਲਰ ਏਜੰਲਾ ਮਰਕਲ ਦੇ ਯੂਨੀਅਨ ਬਲਾਕ ਨੂੰ ਮਾਤ ਦਿੱਤੀ। ਇਹ ਚੋਣਾਂ ਤੈਅ ਕਰਨਗੀਆਂ ਕਿ ਯੂਰਪ ਦੇ ਸਭ ਤੋਂ ਵੱਡੇ ਅਰਥਚਾਰੇ ਵਾਲੇ ਮੁਲਕ ਵਿੱਚ ਲੰਬੇ ਸਮੇਂ ਤੋਂ ਨੇਤਾ ਰਹੀ ਮਰਕਲ ਦਾ ਉੱਤਰਾਧਿਕਾਰੀ ਕੌਣ ਬਣੇਗਾ।

ਸੋਸ਼ਲ ਡੈਮੋਕ੍ਰੇਟ ਪਾਰਟੀ ਦੇ ਉਮੀਦਵਾਰ ਤੇ ਮੌਜੂਦਾ ਵਾਈਸ ਚਾਂਸਲਰ ਤੇ ਵਿੱਤ ਮੰਤਰੀ ਓਲਾਫ ਸ਼ੋਲਜ਼ ਨੇ ਕਿਹਾ,‘ਚੋਣ ਨਤੀਜਿਆਂ ਤੋਂ ਸਪੱਸ਼ਟ ਜ਼ਾਹਰ ਹੁੰਦਾ ਹੈ ਕਿ ਅਸੀਂ ਰਲ ਕੇ ਜਰਮਨੀ ਵਿੱਚ ਬਿਹਤਰ ਤੇ ਵਿਵਹਾਰਕ ਸਰਕਾਰ ਬਣਾਵਾਂਗੇ।’ ਸੰਘੀ ਚੋਣਾਂ ਵਿੱਚ ਹੁਣ ਤੱਕ ਦੇ ਸਭ ਤੋਂ ਮਾੜੇ ਪ੍ਰਦਰਸ਼ਨ ਦੇ ਬਾਵਜੂਦ ਮਰਕਲ ਦੇ ਯੂਨੀਅਨ ਬਲਾਕ ਨੇ ਕਿਹਾ ਕਿ ਉਹ ਸਰਕਾਰ ਦੇ ਗਠਨ ਲਈ ਛੋਟੀਆਂ ਪਾਰਟੀਆਂ ਨਾਲ ਰਾਬਤਾ ਕਰੇਗੀ ਜਦੋਂ ਕਿ ਨਵੇਂ ਚਾਂਸਲਰ ਦੇ ਹਲਫ ਲੈਣ ਤੱਕ ਮਰਕਲ ਕਾਰਜਕਾਰੀ ਚਾਂਸਲਰ ਬਣੀ ਰਹੇਗੀ।