ਮੈਲਬਰਨ, 9 ਅਗਸਤ
ਕੈਟਾਲੀਨਾ ਉਸਮੇ ਵੱਲੋਂ ਦੂਜੇ ਅੱਧ ’ਚ ਕੀਤੇ ਗਏ ਗੋਲ ਦੀ ਬਦੌਲਤ ਕੋਲੰਬੀਆ ਨੇ ਅੱਜ ਇੱਥੇ ਜਮਾਇਕਾ ਨੂੰ 1-0 ਨਾਲ ਹਰਾ ਕੇ ਫੁਟਬਾਲ ਮਹਿਲਾ ਵਿਸ਼ਵ ਕੱਪ ਦੇ ਕੁਆਰਟਰ ਫਾਈਨਲ ’ਚ ਜਗ੍ਹਾ ਬਣਾ ਲਈ ਹੈ। ਕੋਲੰਬੀਆ ਨੇ ਵਿਸ਼ਵ ਕੱਪ ਵਿੱਚ ਪਹਿਲੀ ਵਾਰ ਆਖ਼ਰੀ ਅੱਠ ’ਚ ਥਾਂ ਬਣਾਈ ਹੈ। ਸ਼ਨਿਚਰਵਾਰ ਨੂੰ ਕੁਆਰਟਰ ਫਾਈਨਲ ਵਿੱਚ ਉਸ ਦਾ ਸਾਹਮਣਾ ਸਿਡਨੀ ’ਚ ਯੂਰਪੀਅਨ ਚੈਂਪੀਅਨ ਇੰਗਲੈਂਡ ਨਾਲ ਹੋਵੇਗਾ। ਇੰਗਲੈਂਡ ਨੇ ਬੀਤੇ ਦਿਨ ਪੈਨਲਟੀ ਸ਼ੂਟਆਊਟ ’ਚ ਨਾਇਜੀਰੀਆ ਨੂੰ ਮਾਤ ਦਿੱਤੀ ਸੀ।

ਪਹਿਲਾ ਅੱਧ ਗੋਲ ਰਹਿਤ ਰਹਿਣ ਮਗਰੋਂ ਉਸਮੇ ਨੇ 52ਵੇਂ ਮਿੰਟ ਵਿੱਚ ਐਨਾ ਗੁਜ਼ਮੈਨ ਦੇ ਪਾਸ ’ਤੇ ਗੋਲ ਕੀਤਾ, ਜਿਸ ਮਗਰੋਂ ਕੋਲੰਬੀਆ ਦੀ ਟੀਮ ਨੇ ਜਸ਼ਨ ਮਨਾਉਣਾ ਸ਼ੁਰੂ ਕਰ ਦਿਤਾ। ਇਹ ਟੂਰਨਾਮੈਂਟ ਵਿੱਚ ਜਮਾਇਕਾ ਖ਼ਿਲਾਫ਼ ਪਹਿਲਾ ਗੋਲ ਵੀ ਸੀ। ਇਸ ਮਗਰੋਂ ਕੋਲੰਬੀਆ ਦੀ ਖਿਡਾਰਨ ਲਿੰਡਾ ਕੈਸੀਡੋ ਨੂੰ ਵੀ ਗੋਲ ਕਰਨ ਦੇ ਕੁਝ ਮੌਕੇ ਮਿਲੇ ਪਰ ਉਹ ਲੀਡ ਦੁੱਗਣੀ ਨਹੀਂ ਕਰ ਸਕੀ। ਕੋਲੰਬੀਆ ਦੀ ਟੀਮ ਇਸ ਤੋਂ ਪਹਿਲਾਂ 2015 ਵਿੱਚ ਆਖਰੀ 16 ’ਚ ਪਹੁੰਚੀ ਸੀ ਪਰ ਅਮਰੀਕਾ ਨੇ ਉਸ ਨੂੰ ਅੱਗੇ ਨਹੀਂ ਵਧਣ ਦਿੱਤਾ ਸੀ। ਉਧਰ ਜਮਾਇਕਾ ਦੀ ਟੀਮ ਨੇ ਪਹਿਲੀ ਵਾਰ ਨਾਕਆਊਟ ਗੇੜ ’ਚ ਥਾਂ ਬਣਾਈ ਸੀ।